ਮੁੱਖ ਮੰਤਰੀ ਨੇ ਮਜ਼ਦੂਰਾਂ ਅਤੇ ਉਸਾਰੀ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਨੂੰ ਦਿੱਤੀ ਮਨਜ਼ੂਰੀ

0 0
Read Time:4 Minute, 43 Second

ਕਿਰਤੀਆਂ ਤੇ ਨਿਰਮਾਣ ਕਾਮਿਆਂ ਦੀ ਸਹੂਲਤ ਲਈ ‘ਪੰਜਾਬ ਕਿਰਤੀ ਸਹਾਇਕ ਐਪ’ ਲਾਂਚ

ਵੈਲਫੇਅਰ ਬੋਰਡ ਨੂੰ ਕਾਮਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 10 ਅਕਤੂਬਰ

ਉਸਾਰੀ ਅਤੇ ਗੈਰ-ਹੁਨਰਮੰਦ ਕਾਮਿਆਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਨ੍ਹਾਂ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਮੌਜੂਦਾ 9192 ਰੁਪਏ ਤੋਂ ਵਧਾ ਕੇ 9907 ਰੁਪਏ ਕਰ ਦਿੱਤੀ ਗਈ ਹੈ, ਜਦਕਿ ਅਰਧ ਹੁਨਰਮੰਦਾਂ ਦੀ ਘੱਟੋ-ਘੱਟ ਉਜਰਤ 9972 ਰੁਪਏ ਤੋਂ ਵਧਾ ਕੇ 10687 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਨਰਮੰਦ ਕਾਮਿਆਂ ਦੀ ਉਜਰਤ 10869 ਰੁਪਏ ਤੋਂ ਵਧਾ ਕੇ 11584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਉਜਰਤ 11901 ਰੁਪਏ ਤੋਂ ਵਧਾ ਕੇ 12616 ਰੁਪਏ ਕਰ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।
ਇਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਕਾਮਿਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰੇਸ਼ਨ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਸ਼ੁਰੂ ਕਰਨ ਦੀ ਸਹਿਮਤੀ ਵੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਬੋਰਡ ਕੋਲ 5.30 ਲੱਖ ਕਾਮੇ ਰਜਿਸਟਰਡ ਹਨ, ਜਿਨ੍ਹਾਂ ਦੀ ਗਿਣਤੀ ਵਧਾ ਕੇ ਘੱਟੋ-ਘੱਟ 15 ਲੱਖ ਕਰਨ ਦੀ ਲੋੜ ਹੈ। ਭਗਵੰਤ ਮਾਨ ਨੇ ਬੋਰਡ ਨੂੰ ਕਿਹਾ ਕਿ ਪਿੰਡਾਂ, ਸ਼ਹਿਰਾਂ, ਲੇਬਰ ਚੌਂਕਾਂ ਤੇ ਨਿਰਮਾਣ ਕਾਰਜਾਂ ਵਾਲੀਆਂ ਥਾਵਾਂ ਉਤੇ ਟੀਮਾਂ ਭੇਜ ਕੇ ਕਾਮਿਆਂ ਦੀ ਰਜਿਸਟਰੇਸ਼ਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ।

ਬੋਰਡ ਦੀ ਕਾਰਜਪ੍ਰਣਾਲੀ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਮੁੱਖ ਮੰਤਰੀ ਨੇ ਕਿਰਤੀਆਂ ਤੇ ਨਿਰਮਾਣ ਕਾਮਿਆਂ ਦੀ ਸਹੂਲਤ ਲਈ ‘ਪੰਜਾਬ ਕਿਰਤੀ ਸਹਾਇਕ ਐਪ’ ਵੀ ਲਾਂਚ ਕੀਤਾ ਤਾਂ ਕਿ ਸਿਰਫ਼ ਇਕ ਬਟਨ ਦਬਾਉਣ ਨਾਲ ਕਾਮਿਆਂ ਦੀ ਸਾਰੀ ਜਾਣਕਾਰੀ ਹਾਸਲ ਹੋ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਐਪ ਨਾਲ ਬੋਰਡ ਦੀ ਕਾਰਜਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਇਸ ਨਾਲ ਨਿਰਮਾਣ ਕਾਮਿਆਂ ਨੂੰ ਜਿੱਥੇ ਬੋਰਡ ਵੱਲੋਂ ਮਿਲਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮਿਲੇਗਾ, ਉਥੇ ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਵਿੱਚ ਵੀ ਵਧੇਰੇ ਕਾਰਜਕੁਸ਼ਲਤਾ ਯਕੀਨੀ ਬਣੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਐਪ ਰਾਹੀਂ ਨਿਰਮਾਣ ਕਾਮੇ ਹੁਣ ਕਿਸੇ ਵੀ ਥਾਂ ਤੋਂ ਕਿਸੇ ਵੀ ਸਮੇਂ ਬੋਰਡ ਕੋਲ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਐਪ ਦੋ ਭਾਸ਼ਾਵਾਂ (ਪੰਜਾਬੀ ਤੇ ਅੰਗਰੇਜ਼ੀ) ਵਿੱਚ ਹੈ, ਜਿਸ ਨਾਲ ਵਰਤੋਂਕਾਰ ਪੱਖੀ ਇਸ ਐਪ ਨੂੰ ਚਲਾਉਣ ਵਿੱਚ ਪੰਜਾਬੀ ਨਿਰਮਾਣ ਕਾਮਿਆਂ ਨੂੰ ਭਾਸ਼ਾ ਸਬੰਧੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਬੋਰਡ ਕੋਲ ਰਜਿਸਟਰੇਸ਼ਨ ਕਰਨ ਅਤੇ ਵੱਖ-ਵੱਖ ਭਲਾਈ ਸਕੀਮਾਂ ਲਈ ਬਿਨੈ ਕਰਨ ਤੋਂ ਇਲਾਵਾ ਇਸ ਐਪ ਰਾਹੀਂ ਨਿਰਮਾਣ ਕਾਮੇ ਆਪਣੀ ਰਜਿਸਟਰੇਸ਼ਨ ਨਵਿਆਉਣ ਲਈ ਬਿਨੈ ਕਰਨ ਦੇ ਨਾਲ-ਨਾਲ ਆਪਣੀਆਂ ਅਰਜ਼ੀਆਂ ਦੀ ਮੌਜੂਦਾ ਸਥਿਤੀ ਅਤੇ ਤੇਜ਼ੀ ਨਾਲ ਲੋੜੀਂਦੇ ਦਸਤਾਵੇਜ਼ਾਂ ਦੀਆਂ ਤਰੁੱਟੀਆਂ ਵੀ ਦੂਰ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਹੁਨਰ ਵਿਕਾਸ ਕੇਂਦਰਾਂ ਨੂੰ ਨਿਰਮਾਣ ਕਾਮਿਆਂ ਲਈ ਆਰਜ਼ੀ ਰਿਹਾਇਸ਼ ਵਿੱਚ ਬਦਲਣ ਦੀ ਪ੍ਰਵਾਨਗੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਮਜ਼ਦੂਰਾਂ ਤੱਕ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ 17 ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।  

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post CM GIVES NOD FOR HIKE IN MINIMUM WAGES OF THE LABOUR AND CONSTRUCTION WORKERS
Next post पंजाब को पहले छह महीनों में 23,448 करोड़ रुपए का निवेश प्राप्त हुआ: अनमोल गगन मान  
Social profiles