ਸੂਬੇ ਤੋਂ ਨਿਰਯਾਤ ਤਿੰਨ ਗੁਣਾ ਵਧਿਆ
ਉਦਯੋਗਾਂ ਨਾਲ ਸੂਬੇ ਵਿੱਚ 1,06,000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ
ਚੰਡੀਗੜ੍ਹ, 14 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ, ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਵੱਧ ਤੋਂ ਵੱਧ ਨਿਵੇਸ਼ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਨੂੰ ਆਪਣੇ ਅਣਥੱਕ ਯਤਨਾਂ ਸਦਕਾ ਪਹਿਲੇ ਛੇ ਮਹੀਨਿਆਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ 23,448 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਸ਼ਿਕਾਇਤ ਨਿਵਾਰਣ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਐਸਬੀਆਈ ਦੀ ਖੋਜ ਟੀਮ ਅਨੁਸਾਰ ਪੰਜਾਬ ਦਾ ਨਿਰਯਾਤ 2018-19 ਵਿੱਚ 1830 ਮਿਲੀਅਨ ਡਾਲਰ ਤੋਂ ਵੱਧ ਕੇ 2022 ਵਿੱਚ 7096 ਮਿਲੀਅਨ ਡਾਲਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਸੈਕਟਰ ਵਿੱਚ ਹੋਰ ਵੀ ਕਈ ਗੁਣਾ ਵਾਧਾ ਹੋਵੇਗਾ ਅਤੇ ਇਸ ਨਾਲ ਸੂਬੇ ਵਿੱਚ 1,06,000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸੂਬੇ ਵਿੱਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਅਤੇ ਬਿਹਤਰ ਕਾਰੋਬਾਰੀ ਮਾਹੌਲ ਸਿਰਜਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਰਮਨ, ਕੈਨੇਡੀਅਨ, ਆਸਟ੍ਰੇਲੀਅਨ ਅਤੇ ਅਮਰੀਕੀ ਕੰਪਨੀਆਂ ਤੋਂ ਨਿਵੇਸ਼ ਪ੍ਰਾਪਤ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਟਾਟਾ ਸਟੀਲ ਲਿਮਟਿਡ, ਸਨਾਤਨ ਪੋਲੀਕੋਟ ਪ੍ਰਾਈਵੇਟ ਲਿਮਟਿਡ, ਨਾਭਾ ਪਾਵਰ ਲਿਮਟਿਡ, ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ, ਬਾਦਲ ਕੈਮੀਕਲ ਲਿਮਟਿਡ ਯੂਨਿਟ XII, ਫਰੂਡੇਨਬਰਗ ਗਰੁੱਪ, ਨੈਸਲੇ ਇੰਡੀਆ ਲਿਮਟਿਡ ਅਤੇ ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ ਵਰਗੀਆਂ ਕੰਪਨੀਆਂ ਸੂਬੇ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਚਾਹੁੰਦੀਆਂ ਹਨ।