ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ
ਖੇਤੀਬਾੜੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਖੁਸ਼ਹਾਲੀ ਦੇ ਮੁੱਖ ਸੂਤਰ ਵਜੋਂ ਕੀਤਾ ਸੂਚੀਬੱਧ
ਐੱਸ.ਏ.ਐੱਸ. ਨਗਰ, 24 ਫਰਵਰੀ :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਦਰਅਸਲ ‘ਰੰਗਲਾ ਪੰਜਾਬ’ ਬਣਾਉਣ ਵਾਲੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਨਅਤਕਾਰਾਂ ਨੂੰ ਸੂਬੇ ਵਿੱਚ ਖਾਸ ਕਰਕੇ ਫੂਡ ਪ੍ਰੋਸੈਸਿੰਗ ਖੇੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਅਤੇ ਉਦਯੋਗਿਕ ਖੇਤਰ ਨੂੰ ਪੰਜਾਬ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਦਾ ਸੂਤਰਧਾਰ ਦੱਸਿਆ।
5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2023 ਦੇ ਆਖ਼ਰੀ ਦਿਨ ਐਗਰੀ-ਫੂਡ ਪ੍ਰੋਸੈਸਿੰਗ ‘ਤੇ ਅਧਾਰਤ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਉਪਜਾਊ ਜਮੀਨ, ਵਧੀਆ ਗੁਣਵੱਤਾ ਵਾਲੇ ਨਹਿਰੀ ਪਾਣੀ, ਖੇਤੀ ਮਾਹਿਰ ਅਤੇ ਪ੍ਰਮੁੱਖ ਖੋਜਾਂ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਰੂਪ ਵਿੱਚ ਖੇਤੀ ਅਧਾਰਤ ਵਿੱਦਿਅਕ ਅਦਾਰੇ ਮੌਜੂਦ ਹਨ, ਇਸ ਕਰਕੇ ਪੰਜਾਬ ਨਿਵੇਸ਼ਕਾਂ ਲਈ ਇੱਕ ਢੁਕਵਾਂ ਸਥਾਨ ਹੈ।
ਡੇਅਰੀ ਫਾਰਮਿੰਗ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਮੱਛੀ ਪਾਲਣ ਦੇ ਧੁਰੇ ਵਜੋਂ ਉਭਾਰਨ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਅਤੇ ਇਸ ਖੇਤਰ ਦੇ ਵੱਧ ਤੋਂ ਵੱਧ ਵਿਕਾਸ ਲਈ ਢੁਕਵੇਂ ਮੰਡੀਕਰਨ ‘ਤੇ ਜ਼ੋਰ ਦਿੱਤਾ। ਲੋਕਾਂ ਲਈ ਸਿਹਤਮੰਦ ਭੋਜਨ ਨੂੰ ਯਕੀਨੀ ਬਣਾਉਣ ਦੇ ਪੱਖ ‘ਤੇ ਬੋਲਦਿਆਂ, ਮੰਤਰੀ ਨੇ ਨਿਵੇਸ਼ਕਾਂ ਨੂੰ ਸੂਬੇ ਭਰ ’ਚ ਕੋਲਡ ਸਟੋਰ ਸਥਾਪਤ ਕਰਨ ‘ਤੇ ਧਿਆਨ ਦੇਣ ਦੀ ਅਪੀਲ ਕੀਤੀ।
ਬੁਲਾਰਿਆਂ ਵਿੱਚ, ਪੈਪਸੀਕੋ ਦੇ ਜਾਰਜ ਕੂਵਰ ਨੇ ਖਪਤਕਾਰਾਂ ਲਈ ਸਿਹਤਮੰਦ ਅਤੇ ਚੰਗੇ ਭੋਜਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਪੈਪਸੀਕੋ ਦਾ ਸਭ ਤੋਂ ਵੱਡਾ ਭਾਈਵਾਲ ਗਰਦਾਨਿਆ। ਉਨਾਂ ਨੇ ਕੰਪਨੀ ਦੀ ਨਿਰਮਾਣ ਪ੍ਰਕਿਰਿਆ ਵਿੱਚ ਨਵਿਆਉਣਯੋਗ ਊਰਜਾ ਦੀ ਵਰਤੋਂ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਨੈਸਲੇ ਇੰਡੀਆ ਦੇ ਸੰਦੀਪ ਗੋਇਲ ਨੇ ਕਿਸਾਨ ਭਾਈਚਾਰੇ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਉਨਾਂ ਅੱਗੇ ਦੱਸਿਆ ਕਿ ਨੈਸਲੇ ਕਿਸਾਨਾਂ ਤੋਂ ਖਰੀਦੇ ਗਏ ਦੁੱਧ ਨੂੰ ਹਮੇਸ਼ਾ ਤਾਜ਼ਾ ਅਤੇ ਠੰਡਾ ਰੱਖਣ ਲਈ ਫਾਰਮ ਕੂਲਿੰਗ ਟੈਂਕਾਂ ਦੀ ਵਰਤੋਂ ਕਰਦਾ ਹੈ, ਬਾਇਓ ਡਾਇਜੈਸਟਰਾਂ ਦੀ ਵਰਤੋਂ ਖਾਦ ਨੂੰ ਬਾਇਓ ਗੈਸ ਵਿੱਚ ਬਦਲਣ ਦੇ ਨਾਲ-ਨਾਲ ਇਲੈਕਟਿ੍ਰਕ ਵਾਹਨਾਂ ਰਾਹੀਂ ਦੁੱਧ ਦੀ ਢੋਆ-ਢੁਆਈ ਲਈ ਵੀ ਕੀਤੀ ਜਾਂਦੀ ਹੈ।
ਵੈਲਸਪਨ ਤੋਂ ਅਨਯ ਸ਼ੁਕਲਾ ਨੇ ਲਾਜਿਸਟਿਕ ਫੈਕਟਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਇਸ ਦੇ ਹਿੱਸੇ ਵਜੋਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਥਾਈ ਗੋਦਾਮਾਂ (ਵੇਅਰਹਾਊਸਾਂ) ਜੋ ਸੂਰਜੀ ਊਰਜਾ ਉੱਤੇ ਅਧਾਰਤ ਹਨ, ਦੇ ਖੇਤਰ ਨਾਲ ਸਬੰਧਤ ਹੈ ਅਤੇ ਵਾਤਾਵਰਣ ਪੱਖੀ ਹਰਿਤ ਤਕਨਾਲੋਜੀ ਦੀ ਵਰਤੋਂ ਲਈ ਵਚਨਬੱਧ ਹੈ।