{category punjabi]
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ
ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਦਾ ਜਲੰਧਰ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ
ਮੁੱਖ ਮੰਤਰੀ ਭਗਵੰਤ ਮਾਨ ਨੇ ਜਗਬੀਰ ਬਰਾੜ ਨੂੰ ‘ਆਪ’ ਵਿਚ ਕੀਤਾ ਸ਼ਾਮਲ
ਚੰਡੀਗੜ੍ਹ, ਮਾਰਚ 26
ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਜਗਬੀਰ ਸਿੰਘ ਬਰਾੜ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਆਪ ਨੂੰ ਜਲੰਧਰ ਉਪ ਚੋਣ ਵਿੱਚ ਹੁਲਾਰਾ ਮਿਲੇਗਾ।
ਜਲੰਧਰ ਉਪ ਚੋਣ ਲਈ ਮੈਦਾਨ ਭਖ ਗਿਆ ਹੈ ਅਤੇ ਜਗਬੀਰ ਸਿੰਘ ਬਰਾੜ ਦੇ ਆਪ ਵਿੱਚ ਸ਼ਾਮਲ ਹੋਣ ‘ਤੇ ਪਾਰਟੀ ਨੂੰ ਇਸ ਜ਼ਿਮਨੀ ਚੋਣ ਵਿੱਚ ਚੰਗਾ ਹੁਲਾਰਾ ਮਿਲੇਗਾ। ਐਤਵਾਰ ਨੂੰ ਜਗਬੀਰ ਬਰਾੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ, ਪਾਰਟੀ ਵਿਚ ਸ਼ਾਮਲ ਕਰਵਾਇਆ।
ਜਗਬੀਰ ਸਿੰਘ ਬਰਾੜ ਜਲੰਧਰ ਦੇ ਪ੍ਰਭਾਵਸ਼ਾਲੀ ਆਗੂ ਹਨ। ਉਨ੍ਹਾਂ ਨੇ ਪਹਿਲੀ ਵਾਰ ਸਾਲ 2007 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਵਿਧਾਇਕ ਬਣੇ। ਸਾਲ 2021 ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਉਹ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ। ‘ਆਪ’ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ਨਾਲ ਜੁੜਨ ‘ਤੇ ਪਾਰਟੀ ਨੂੰ ਆਗਾਮੀ ਜ਼ਿਮਨੀ ਚੋਣ ਲਈ ਮਜ਼ਬੂਤੀ ਮਿਲੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ, ਰਾਜਵਿੰਦਰ ਕੌਰ ਥਿਆੜਾ, ਜਸਵੀਰ ਸਿੰਘ ਸੋਢੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।