ਪੀ ਏ ਯੂ ਦੇ ਕਿਸਾਨ ਮੇਲੇ ਦਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੌਰਾ ਕੀਤਾ
ਪੀਏਯੂ ਵਲੋਂ ਕਿਸਾਨੀ ਲਈ ਕੀਤੇ ਸ਼ਾਨਦਾਰ ਕੰਮਾਂ ਦੀ ਸ਼ਲਾਘਾ ਕੀਤੀ
ਲੁਧਿਆਣਾ
ਪੀਏਯੂ ਵਿਖੇ ਸਾਉਣੀ ਦੀਆਂ ਫਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ ਮਨਦੀਪ ਸਿੰਘ ਸਿੱਧੂ ਨੇ ਕਿਸਾਨ ਮੇਲਾ ਵੇਖਣ ਲਈ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ।
ਪੁਲਿਸ ਕਮਿਸ਼ਨਰ ਦਾ ਸੁਆਗਤ ਕਰਦਿਆਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਉਨ੍ਹਾਂ ਨੂੰ ਵਿਗਿਆਨੀਆਂ-ਕਿਸਾਨਾਂ ਦੀ ਮਿਸਾਲੀ ਸਾਂਝ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਸਾਂਝ 1967 ਤੋਂ ਲੱਗ ਰਹੇ ਮੇਲਿਆਂ ਨਾਲ ਆਪਸੀ ਭਰੋਸੇ ਵਿਚ ਵਟੀ ਹੈ। ਇਸੇ ਸਹਿਯੋਗ ਨੇ ਪੰਜਾਬ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਸਿਰਮੌਰ ਖਿੱਤਾ ਬਣਾਇਆ ਹੈ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਅਤੇ ਖੇਤੀ ਰਸਾਇਣਾਂ ਦੀ ਬੇਲੋੜੀ ਵਰਤੋਂ ‘ਤੇ ਚਿੰਤਾ ਜ਼ਾਹਰ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਫਲਾਂ, ਸਬਜ਼ੀਆਂ ਅਤੇ ਫੁੱਲਾਂ ਆਦਿ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਫ਼ਸਲੀ ਵਿਭਿੰਨਤਾ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।
ਪੀਏਯੂ ਵਿਖੇ ਕਿਸਾਨ ਮੇਲੇ ਦਾ ਦੌਰਾ ਕਰਦੇ ਹੋਏ, ਸਿੱਧੂ ਨੇ ਵੱਖ-ਵੱਖ ਲਾਈਵ ਪ੍ਰਦਰਸ਼ਨਾਂ, ਸਟਾਲਾਂ ਅਤੇ ਖੇਤੀ-ਉਦਯੋਗਿਕ ਪ੍ਰਦਰਸ਼ਨੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੂੰ ਪੌਲੀ ਨੈੱਟ ਹਾਊਸ ਵਿੱਚ ਉਗਾਏ ਵਿਦੇਸ਼ੀ ਫੁੱਲਾਂ ਵਾਲੇ ਪੌਦਿਆਂ ਅਤੇ ਮਿੱਟੀ ਰਹਿਤ ਮਾਧਿਅਮ ਦੀ ਵਰਤੋਂ ਕਰਕੇ ਛੱਤਾਂ ‘ਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵੀ ਜਾਣੂ ਕਰਵਾਇਆ ਗਿਆ। ਪੁਲਿਸ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਪੀਏਯੂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਨਾਲ-ਨਾਲ ਕਿਸਾਨਾਂ ਨਾਲ ਇਸ ਦੇ ਬੇਮਿਸਾਲ ਸੰਪਰਕ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ.ਆਰ.ਆਈ.ਐਸ.ਗਿੱਲ, ਮਿਲਖ ਅਧਿਕਾਰੀ, ਡਾ ਰਾਕੇਸ਼ ਸ਼ਾਰਦਾ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਮੁਖੀ; ਅਤੇ ਡਾ ਨੀਲੇਸ਼ ਬਿਵਾਲਕਰ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਮਾਹਿਰ ਵੀ ਉਨ੍ਹਾਂ ਨਾਲ ਮੌਜੂਦ ਸਨ।