ਵਿਧਾਇਕ ਮੁੰਡੀਆਂ ਦੀ ਅਗਵਾਈ ‘ਚ ਕਿਸਾਨਾਂ ਦੇ ਵਫਦ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਖਾਸ਼ ਮੁਲਾਕਾਤ
- ਭਾਰਤਮਾਲਾ ਪਰਿਯੋਜਨਾ ਅਧੀਨ ਲੁਧਿਆਣਾ-ਰੋਪੜ ਐਕਸਪ੍ਰੈਸ ਵੇਅ ਦੇ ਮੁੱਦਿਆਂ ‘ਤੇ ਕੀਤੀ ਵਿਚਾਰ ਚਰਚਾ
- ਕਿਸਾਨਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਦੇਣ ਦਾ ਵੀ ਦਿੱਤਾ ਭਰੋਸਾ
ਲੁਧਿਆਣਾ: ਭਾਰਤਮਾਲਾ ਪਰਿਯੋਜਨਾ ਅਧੀਨ ਲੁਧਿਆਣਾ-ਰੋਪੜ ਐਕਸਪ੍ਰੈਸ ਵੇਅ ਸਬੰਧੀ ਮੁੱਦਿਆ ਦੇ ਨਿਪਟਾਰੇ ਲਈ, ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਵਫਦ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਵੀ.ਕੇ. ਸਿੰਘ ਨਾਲ ਚੰਡੀਗੜ੍ਹ ਵਿਖੇ ਖਾਸ ਮੁਲਾਕਾਤ ਕੀਤੀ ਗਈ।
ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਭਾਰਤਮਾਲਾ ਪਰਿਯੋਜਨਾ ਅਧੀਨ ਲੁਧਿਆਣਾ-ਰੋਪੜ ਐਕਸਪ੍ਰੈਸ ਵੇਅ ਸਬੰਧੀ ਕਿਸਾਨ ਭਰਾਵਾਂ ਨੂੰ ਕੁੱਝ ਮੁਸ਼ਕਿਲਾਂ ਆ ਰਹੀਆਂ ਸਨ ਜਿਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਵੀ.ਕੇ. ਸਿੰਘ ਨਾਲ ਕਿਸਾਨਾਂ ਦੀ ਮੁਲਾਕਾਤ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨ ਭਰਾਵਾਂ ਨੂੰ ਉਨ੍ਹਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ।
ਕਿਸਾਨ ਭਰਾਵਾਂ ਵੱਲੋਂ ਵੀ ਵੱਖ-ਵੱਖ ਮੁੱਦਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕੀਤਾ ਗਿਆ।
ਵਿਧਾਇਕ ਮੁੰਡੀਆਂ ਨੇ ਕਿਹਾ ਕਿ ਸਾਰੇ ਯਾਤਰੀਆਂ ਲਈ ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਸਫ਼ਰ ਯਕੀਨੀ ਬਣਾਉਣ ਲਈ ਐਕਸਪ੍ਰੈਸਵੇਅ ਦਾ ਨਿਰਮਾਣ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਐਨ.ਐਚ.ਏ.ਆਈ. ਦੁਆਰਾ ਜ਼ਿਲ੍ਹਾ ਲੁਧਿਆਣਾ ਵਿੱਚ ਸਾਰੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।