ਪੁਲਿਸ ਅਤੇ ਸਿਹਤ ਵਿਭਾਗ ਨਾਬਾਲਗਾਂ ਨਾਲ ਬਲਾਤਕਾਰ ਦੇ ਮਾਮਲਿਆਂ ‘ਚ ਬਾਲ ਭਲਾਈ ਕਮੇਟੀ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸੂਚਿਤ ਕਰੇ – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ
– 18 ਸਾਲ ਵਾਲੇ ਕੈਦੀਆਂ ਨੂੰ ਆਬਜ਼ਰਵੇਸ਼ਨ ਹੋਮ ਤੋਂ ਸੁਰੱਖਿਅਤ ਥਾਂ ‘ਤੇ ਕੀਤਾ ਜਾਵੇ ਤਬਦੀਲ
– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਦੇ ਕਾਰਜ਼ਾਂ ਦੀ ਵੀ ਕੀਤੀ ਸਮੀਖਿਆ
ਲੁਧਿਆਣਾ, 22 ਅਗਸਤ (000) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੁਲਿਸ ਅਤੇ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸਿਸ (ਪੋਕਸੋ) ਐਕਟ 2012 ਅਧੀਨ ਨਾਬਾਲਗਾਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਤੁਰੰਤ ਬਾਲ ਭਲਾਈ ਕਮੇਟੀ (ਸੀ.ਡਬਲਿਊ.ਸੀ.) ਜਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀ.ਸੀ.ਪੀ.ਯੂ.) ਨੂੰ ਸੂਚਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਸਾਹਨੀ ਨੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਦੇ ਨਾਲ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਕਟ ਦੇ ਤਹਿਤ, ਪੁਲਿਸ ਨੂੰ ਸ਼ਿਕਾਇਤ ਦਰਜ ਕਰਨ ਦੇ 24 ਘੰਟਿਆਂ ਦੇ ਅੰਦਰ ਬਾਲ ਭਲਾਈ ਕਮੇਟੀ ਨੂੰ ਨਾਬਾਲਗ ਬਲਾਤਕਾਰ ਦੇ ਮਾਮਲੇ ਦੀ ਰਿਪੋਰਟ ਕਰਨੀ ਪੈਂਦੀ ਹੈ ਤਾਂ ਜੋ ਪੀੜਤ ਬੱਚੇ ਦੇ ਲੰਬੇ ਸਮੇਂ ਲਈ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾ ਸਕੇ, ਜਿਸ ਵਿੱਚ ਸਹੀ ਦੇਖਭਾਲ ਅਤੇ ਸੁਰੱਖਿਆ ਸ਼ਾਮਲ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਿਹਤ ਵਿਭਾਗ ਨੂੰ ਇਸ ਸਬੰਧ ਵਿੱਚ ਸੀ.ਡਬਲਿਊ.ਸੀ/ਡੀ.ਸੀ.ਪੀ.ਓ ਨੂੰ ਵੀ ਸੂਚਿਤ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਸਾਹਨੀ ਨੇ ਆਬਜ਼ਰਵੇਸ਼ਨ ਹੋਮ, ਸ਼ਿਮਲਾਪੁਰੀ ਤੋਂ ਉਨ੍ਹਾਂ ਕੈਦੀਆਂ ਨੂੰ ਇੱਕ ਵੱਖਰੀ ਸੁਰੱਖਿਅਤ ਇਮਾਰਤ ਵਿੱਚ ਤਬਦੀਲ ਕਰਨ ਦਾ ਵੀ ਆਦੇਸ਼ ਦਿੱਤਾ ਜੋ ਮੁਕੱਦਮੇ ਦੀ ਲੰਬਿਤ ਮਿਆਦ ਦੇ ਦੌਰਾਨ 18 ਸਾਲ ਦੇ ਹੋ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਹੋਰ ਨਾਬਾਲਗਾਂ ਦੇ ਨਾਲ ਆਬਜ਼ਰਵੇਸ਼ਨ ਹੋਮ ਦੇ ਅੰਦਰ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ, ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਸਹਿਯੋਗ ਹਾਫ ਵੇ ਹੋਮ, ਜਮਾਲਪੁਰ ਲਈ ਵਿਸ਼ੇਸ਼ ਸਿੱਖਿਅਕ ਨਿਯੁਕਤ ਕੀਤੇ ਜਾਣਗੇ, ਜੋ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਿਯਮਤ ਅਧਾਰ ‘ਤੇ ਘਰ ਵਿੱਚ ਪੜ੍ਹਾਉਣਗੇ। ਇਸ ਤੋਂ ਇਲਾਵਾ ਆਬਜ਼ਰਵੇਸ਼ਨ ਵਿੱਚ ਰੱਖੇ ਗਏ ਬੱਚਿਆਂ ਨੂੰ ਪੜ੍ਹਾਉਣ ਲਈ ਕੰਪਿਊਟਰ ਫੈਕਲਟੀ ਵੀ ਨਿਯੁਕਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਮਨੋਰੰਜਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਇਨ੍ਹਾਂ ਘਰਾਂ ਵਿੱਚ ਨਿਯਮਤ ਖੇਡ ਮੁਕਾਬਲੇ, ਸੱਭਿਆਚਾਰਕ ਸਮਾਗਮ ਅਤੇ ਤਿਉਹਾਰ ਮਨਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਬੱਚੇ ਆਗਾਮੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੀ ਭਾਗ ਲੈਣਗੇ। ਇਸ ਤੋਂ ਇਲਾਵਾ, ਉਨ੍ਹਾਂ ਪ੍ਰਾਈਵੇਟ ਆਬਜ਼ਰਵੇਸ਼ਨ ਹੋਮਜ਼, ਚਿਲਡਰਨ ਕੇਅਰ ਸੈਂਟਰਾਂ ਅਤੇ ਗੋਦ ਲੈਣ ਵਾਲੀਆਂ ਏਜੰਸੀਆਂ ਦੇ ਕੰਮਕਾਜ ਦਾ ਵੀ ਜਾਇਜ਼ਾ ਲਿਆ।
ਮੀਟਿੰਗ ਵਿੱਚ ਮਨਜਿੰਦਰ ਕੌਰ, ਅਮਨਦੀਪ ਕੌਰ, ਸੀ.ਡਬਲਿਊ.ਸੀ. ਮੈਂਬਰ ਸੰਗੀਤਾ, ਰੁਚੀ ਬਾਵਾ ਅਤੇ ਆਦਰਸ਼ ਸ਼ਰਮਾ ਵੀ ਹਾਜ਼ਰ ਸਨ।