ਪੀ.ਏ.ਯੂ. ਦੇ ਭੋਜਨ ਅਤੇ ਵਿਗਿਆਨ ਤਕਨਾਲੋਜੀ ਵਿਭਾਗ ਨੇ ਕੁਇਜ਼ ਮੁਕਾਬਲਾ ਆਯੋਜਿਤ ਕੀਤਾ
ਲੁਧਿਆਣਾ 2 ਸਤੰਬਰ
ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਸਹਿ ਸੱਭਿਆਚਾਰਕ ਗਤੀਵਿਧੀਆਂ ਤਹਿਤ ਇਕ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਮਲੇ ਵਿਚਕਾਰ ਗਿਆਨ, ਜਾਣਕਾਰੀ ਅਤੇ ਸਿਰਜਣਾਤਮਕਤਾ ਦਾ ਆਦਾਨ ਪ੍ਰਦਾਨ ਕਰਨਾ ਸੀ। ਇਸ ਕੁਇਜ਼ ਮੁਕਾਬਲੇ ਦੀ ਪ੍ਰਧਾਨਗੀ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕੀਤੀ ਜਦਕਿ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਕੁਇਜ਼ ਮੁਕਾਬਲੇ ਨੂੰ ਵਿਸ਼ੇਸ਼ ਰੰਗਤ ਦੇਣ ਲਈ ਇਸਦਾ ਸਿਰਲੇਖ ਨਾਲੇਜ ਨਾਕ ਆਊਟ ਰੱਖਿਆ ਗਿਆ ਸੀ। ਇਸ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਵਿਚ ਵਿਦਿਆਰਥੀਆਂ ਨੇ ਆਪਣੀ ਜਾਣਕਾਰੀ ਅਤੇ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਸਵਾਲਾਂ ਦਾ ਦਾਇਰਾ ਭੋਜਨ ਵਿਗਿਆਨ ਦੀ ਬੁਨਿਆਦੀ ਜਾਣਕਾਰੀ ਤੋਂ ਲੈ ਕੇ ਭੋਜਨ ਉਦਯੋਗ ਬਾਰੇ ਮੌਜੂਦਾ ਗਿਆਨ ਤੱਕ ਫੈਲਿਆ ਹੋਇਆ ਸੀ। ਮੁਕਾਬਲੇ ਨੂੰ ਹੋਰ ਰੋਚਕ ਬਨਾਉਣ ਲਈ ਵੱਖ-ਵੱਖ ਗਤੀਵਿਧੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸਦੇ ਨਾਲ ਹੀ ਅਕਾਦਮਿਕ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਸਾਲ 2023-24 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀਆਂ ਨੂੰ ਸਹਿ ਗਤੀਵਿਧੀਆਂ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਨੇ ਪੂਰੀ ਊਰਜਾ ਅਤੇ ਉਤਸ਼ਾਹ ਨਾਲ ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਡਾ. ਗਿੱਲ ਨੇ ਕਿਹਾ ਕਿ ਆਪਣੇ ਵਿਸ਼ੇ ਤੋਂ ਇਲਾਵਾ ਸੰਸਾਰ ਵਿਚ ਵਾਪਰ ਰਹੇ ਵਰਤਾਰਿਆ ਬਾਰੇ ਜਾਣਕਾਰੀ ਰੱਖਣੀ ਵਿਦਿਆਰਥੀ ਦਾ ਧਰਮ ਹੈ ਅਤੇ ਵਿਦਿਆਰਥੀ ਜੀਵਨ ਦੇ ਸੰਤੁਲਨ ਲਈ ਇਸ ਤਰ੍ਹਾਂ ਦੇ ਹੋਰ ਮੁਕਾਬਲੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
ਡਾ. ਚਰਨਜੀਤ ਸਿੰਘ ਔਲਖ ਨੇ ਵਿਭਾਗ ਦੇ ਵੱਖ-ਵੱਖ ਵਰਗਾਂ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦੁਨੀਆਂ ਨੂੰ ਆਪਣੀ ਦਿ੍ਰਸ਼ਟੀ ਅਤੇ ਆਪਣੇ ਤਜਰਬਿਆਂ ਤੋਂ ਦੇਖਣ ਅਤੇ ਸਮਝਣ ਵਾਲੇ ਵਿਦਿਆਰਥੀ ਹੀ ਸਫਲਤਾ ਦਾ ਮੁਕਾਮ ਹਾਸਲ ਕਰ ਸਕਦੇ ਹਨ। ਵਿਦਿਆਰਥੀਆਂ ਵਿਚ ਪੜਨ ਦੀ ਰੁਚੀ ਵਿਕਸਿਤ ਕਰਨ ਲਈ ਉਹਨਾਂ ਨੂੰ ਆਪਣੇ ਸਮੇਂ ਨੂੰ ਵਿਉਂਤਣਾ ਅਤੇ ਅਜਿਹੇ ਕੰਮਾਂ ਵਿਚ ਲਾਉਣਾ ਚਾਹੀਦਾ ਹੈ।
ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਦੀ ਸਫਲਤਾ ਉੱਪਰ ਮਾਣ ਮਹਿਸੂਸ ਕੀਤਾ। ਉਹਨਾਂ ਕਿਹਾ ਕਿ ਭੋਜਨ ਉਦਯੋਗ ਖੇਤਰ ਦੇ ਪੇਸ਼ੇਵਰ ਮਾਹਿਰਾਂ ਦ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ। ਡਾ. ਸ਼ਰਮਾ ਨੇ ਲਗਾਤਾਰ ਸਫਲਤਾ ਲਈ ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਨੂੰ ਅਪਣਾਈ ਰੱਖਣ ਲਈ ਪ੍ਰੇਰਿਤ ਕੀਤਾ।
ਸਮਾਰੋਹ ਦਾ ਸੰਚਾਲਨ ਡਾ. ਜਸਪ੍ਰੀਤ ਕੌਰ, ਡਾ. ਨੇਹਾ ਬੱਬਰ ਅਤੇ ਡਾ. ਰਾਜਨ ਸ਼ਰਮਾ ਨੇ ਕੀਤਾ।