ਪੀ ਏ ਯੂ ਨੇ ਰਾਸ਼ਟਰੀ ਪੋਸ਼ਣ ਮਹੀਨੇ ਤਹਿਤ ਭੋਜਨ ਅਤੇ ਪੋਸ਼ਣ ਬਾਰੇ ਜਾਣਕਾਰੀ ਦਾ ਫੈਲਾਅ ਕੀਤਾ
ਲੁਧਿਆਣਾ 9 ਸਤੰਬਰ: ਪੀ ਏ ਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਜਾਗਰੂਕਤਾ ਸੈਸ਼ਨਾਂ ਅਤੇ ਸਮਾਗਮਾਂ ਦੀ ਇੱਕ ਲੜੀ ਤਹਿਤ ਹਰੇਕ ਲਈ ਪੌਸ਼ਟਿਕ ਆਹਾਰ ਨਾਅਰੇ ਤਹਿਤ 7 ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਕੀਤੀ। ਮਹੀਨਾ ਭਰ ਚੱਲਣ ਵਾਲੇ ਇਸ ਸਮਾਰੋਹ ਦੀ ਸ਼ੁਰੂਆਤ ਕਰਨ ਲਈ ਵਿਭਾਗ ਦੇ ਵਿਗਿਆਨੀ ਅਤੇ ਵਿਦਿਆਰਥੀਆਂ ਨੇ ਪੋਸ਼ਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਚੰਗੀ ਸਿਹਤ ਬਰਕਰਾਰ ਰੱਖਣ ਲਈ ਸੰਤੁਲਿਤ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਮਾਤਰਾ ਬਾਰੇ ਇੱਕ ਪ੍ਰਦਰਸ਼ਨੀ ਵੀ ਲਾਈ ਗਈ। ਨਾਲ ਹੀ ਦਰਸ਼ਕਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਨ੍ਹਾਂ ਵਿਚ ਕਈ ਤਰ੍ਹਾਂ ਦੇ ਭੋਜਨ , ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨਾ, ਤੇਲ/ਚਰਬੀ ਦੀ ਸੰਜਮ ਨਾਲ ਵਰਤੋਂ ਕਰਨਾ, ਕਈ ਕਿਸਮਾਂ ਦੇ ਤੇਲ ਬੀਜਾਂ, ਮੇਵਿਆਂ, ਨਿਊਟਰਾਸਿਊਟੀਕਲਜ਼ ਅਤੇ ਫਲ਼ੀਦਾਰਾਂ ਭੋਜਨ ਆਦਿ ਸ਼ਾਮਿਲ ਹਨ।
ਭੋਜਨ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਰੀਰਕ ਤੌਰ ‘ਤੇ ਸਰਗਰਮ ਰਹਿਣ ਅਤੇ ਨਿਯਮਤ ਤੌਰ ‘ਤੇ ਕਸਰਤ ਕਰਨ ਦੇ ਨਾਲ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਅਤੇ ਉੱਚ ਚਰਬੀ, ਚੀਨੀ, ਨਮਕ ਅਤੇ ਅਲਟਰਾ ਪ੍ਰੋਸੈਸਡ ਭੋਜਨਾਂ ਦੇ ਸੇਵਨ ਨੂੰ ਸੀਮਤ ਕਰਨ ਦੀ ਵੀ ਸਲਾਹ ਦਿੱਤੀ ਗਈ। ਸਿਹਤਮੰਦ ਭੋਜਨ ਦੀ ਚੋਣ ਕਰਨ ਲਈ ਸੁਰੱਖਿਅਤ, ਸਾਫ਼ ਅਤੇ ਢੁਕਵੇਂ ਢੰਗ ਨਾਲ ਪਕਾਏ ਗਏ ਭੋਜਨ ਦੇ ਨਾਲ-ਨਾਲ ਭੋਜਨ ਦੇ ਲੇਬਲ ਪੜ੍ਹਨ ‘ਤੇ ਵੀ ਜ਼ੋਰ ਦਿੱਤਾ ਗਿਆ।
ਸਮਾਰੋਹ ਦੌਰਾਨ ਹਰੇਕ ਲਈ ਪੌਸ਼ਟਿਕ ਆਹਾਰ ਵਿਸ਼ੇ ‘ਤੇ ਇੱਕ ਪੋਸਟਰ ਬਣਾਉਣ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਆਪਣੀ ਰਚਨਾਤਮਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਡਾ: ਕਿਰਨ ਗਰੋਵਰ, ਮੁਖੀ, ਖੁਰਾਕ ਅਤੇ ਪੋਸ਼ਣ ਵਿਭਾਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਸਾਰੇ ਜੀਵਨ ਦੌਰਾਨ ਢੁਕਵੀਂ ਖੁਰਾਕ ਦੀਆਂ ਆਦਤਾਂ ਅਤੇ ਨਿਯਮਤ ਸਰੀਰਕ ਗਤੀਵਿਧੀਆਂ ਜ਼ਰੂਰੀ ਹਨ। ਉਨ੍ਹਾਂ ਨੇ ਪੋਸ਼ਣ ਸੰਬੰਧੀ ਜਾਗਰੂਕਤਾ ਵਧਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਪ੍ਰਣ ਕੀਤਾ ਕਿ ਰਾਸ਼ਟਰੀ ਪੋਸ਼ਣ ਮਹੀਨਾ ਖੁਰਾਕ ਦੀਆਂ ਆਦਤਾਂ ਵਿੱਚ ਸਥਿਰ ਤਬਦੀਲੀਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਮੌਕਾ ਹੈ।
ਡਾ: ਕਿਰਨ ਬੈਂਸ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ, ਨੇ ਵਿਭਾਗ ਵਲੋਂ ਸਮਾਜ ਦੇ ਪੋਸ਼ਣ ਅਤੇ ਸਿਹਤ ਦੀ ਸਥਿਤੀ ਨੂੰ ਵਧਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।