ਫ਼ਰੀਦਕੋਟ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ; ਪੰਜਾਬ ਸਰਕਾਰ ਜਲਦੀ ਲਿਆ ਰਹੀ ਹੈ ਖੇਤੀ ਨੀਤੀ ਪੰਜਾਬ: ਵਿਧਾਨ ਸਭਾ ਸਪੀਕਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਸ੍ਰ: ਕੁਲਤਾਰ ਸਿੰਘ ਸੰਧਵਾਂ, ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਸ੍ਰ: ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਸ੍ਰ: ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ਅਤੇ ਸ਼਼੍ਰੀ ਵਨੀਤ ਕੁਮਾਰ ਆਈ ਏ. ਐਸ, ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਸੇ਼ਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਕੀਤੀ
ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ 60 ਪ੍ਰਤੀਸ਼ਤ ਤੋਂ ਵੱਧ ਲੋਕ ਕਿਸਾਨੀ ਤੇ ਨਿਰਭਰ ਕਰਦੇ ਹਨ। ਕਿਸਾਨਾਂ ਨੂੰ ਖੇਤੀ ਲਈ ਨਵੇਂ ਬੀਜ, ਖੇਤੀ ਪ੍ਰੋਸੈਸਿੰਗ ਤਕਨੀਕਾਂ, ਖੇਤ ਮਸ਼ੀਨਰੀ ਅਤੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਸਮੁੱਚੀ ਜਾਣਕਾਰੀ ਮੁਹੱਈਆ ਕਰਨ ਵਿੱਚ ਪੀ.ਏ.ਯੂ.ਦੇ ਖੇਤੀ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਖੇਤੀ ਨੂੰ ਦੇਸ਼ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਮੰਨਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਪੰਜਾਬ ਦੇ ਮਿਹਨਤਕਸ਼ ਕਿਸਾਨ ਹਰ ਫ਼ਸਲ ਨੂੰ ਪੈਦਾ ਕਰਨ ਦੇ ਸਮਰੱਥ ਹਨ, ਲੋੜ ਹੈ ਸਿਰਫ਼ ਉਚਿਤ ਦਿਸ਼ਾ ਨਿਰਦੇਸ਼ਾਂ ਦੀ ਅਤੇ ਇੱਕ ਯੋਗ ਖੇਤੀ ਨੀਤੀ ਦੀ ਇਸ ਸੰਬੰਧੀ ਪੰਜਾਬ ਸਰਕਾਰ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਨੀਤੀ ਲੱਗਭੱਗ ਤਿਆਰ ਹੋ ਚੁੱਕੀ ਹੈ ਅਤੇ ਇਸ ਨੂੰ ਅੰਤਿਮ ਰੂਪ ਦੇਣ ਲਈ ਕਿਸਾਨਾਂ, ਖੇਤ ਮਜ਼ਦੂਰਾਂ, ਖੇਤੀ ਵਿਗਿਆਨੀਆਂ ਅਤੇ ਵਪਾਰੀਆਂ ਨਾਲ ਲਗਾਤਾਰ ਵਿਚਾਰ ਚਰਚਾ ਹੋ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਖੇਤੀ ਧੰਦੇ ਨਾਲ ਜੁੜਨ ਦੀ ਤਾਕੀਦ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਕਿਹਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨ ਮੇਲੇ ਦੇ ਉਦੇਸ਼ “ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ੀ ਲਿਆਓ” ਬਾਰੇ ਜਾਣਕਾਰੀ ਦਿੰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਧਰਤੀ, ਪੌਣ-ਪਾਣੀ ਅਤੇ ਵਾਤਾਵਰਣ ਨੂੰ ਬਚਾਅ ਕੇ ਹੀ ਅਸੀਂ ਖੇਤੀ ਨਿਰੰਤਰਤਾ ਨੂੰ ਕਾਇਮ ਰੱਖ ਸਕਦੇ ਹਾਂ ਅਤੇ ਖੇਤੀ ਦੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ। ਪੀ.ਏ. ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ ਬੀਜਣ ਦੀ ਤਾਕੀਦ ਕਰਦਿਆਂ ਉਨ੍ਹਾਂ ਦੱਸਿਆ ਕਿ ਕਣਕ ਦੀ ਵੱਧ ਝਾੜ ਦੇਣ ਵਾਲੀ ਕਿਸਮ ਪੀ.ਬੀ. ਡਬਲਯੂ 826 ਨੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਪੂਰੀ ਧਾਂਕ ਜਮਾਈ। ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕਰਨ ਦੀ ਸਿਫ਼ਾਰਸ਼ ਕਰਦਿਆਂ ਉਨਾਂ ਖੇਤੀ ਜਿਣਸਾਂ ਦੇ ਸਵੈ ਮੰਡੀਕਰਨ ਤੇ ਜ਼ੋਰ ਦਿੱਤਾ। ਖੇਤੀ ਸੰਬੰਧੀ ਸਮੁੱਚੀ ਜਾਣਕਾਰੀ ਰੇਡੀਓ, ਟੀ ਵੀ ਪ੍ਰੋਗਰਾਮਾਂ ਤੋਂ ਹਾਸਲ ਕਰਨ ਦੇ ਨਾਲ- ਨਾਲ ਉਨਾਂ ਨੇ ਕਿਸਾਨਾਂ ਨੂੰ ਪੀ.ਏ.ਯੂ. ਦੇ ਫੇਸ ਬੁੱਕ ਲਾਈਵ ਪ੍ਰੋਗਰਾਮ, ਯੂ ਟਿਊਬ ਚੈਨਲ ਅਤੇ ਖੇਤੀ ਸੰਦੇਸ਼ ਨਾਲ ਜੁੜਨ ਦੀ ਅਪੀਲ ਕੀਤੀ। ਖੇਤੀ ਗਿਆਨ ਨੂੰ ਵਧਾਉਣ ਲਈ ਪੀ.ਏ. ਼ਯੂ.ਦੇ ਵੱਖ- ਵੱਖ ਵਿਭਾਗਾਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦੇਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਨੇ ਝੋਨਾ ਵੱਢਣ ਉਪਰੰਤ ਡੂੰਘਾ ਹਲ ਚਲਾਉਣ, ਵਾਤਾਵਰਣ ਨੂੰ ਸਾਵਾਂ ਰੱਖਣ ਲਈ ਰੁੱਖ ਲਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਕੇ ਨਹਿਰੀ ਪਾਣੀ ਵਰਤਣ ਲਈ ਕਿਹਾ।
ਇਸ ਮੌਕੇ ਸ੍ਰ: ਗੁਰਦਿੱਤ ਸਿੰਘ ਸੇਖੋਂ ਨੇ ਪੀ.ਏ.ਯੂ. ਦੇ ਫ਼ਰੀਦਕੋਟ ਖੋਜ ਕੇਂਦਰ ਵੱਲੋਂ ਨਰਮੇਂ ਉਤੇ ਕੀਤੀ ਜਾ ਰਹੀ ਅਤਿ ਆਧੁਨਿਕ ਖੋਜ ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਖੇਤੀ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਹੀ ਅਸੀ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਦੇ ਹਾਂ। ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਸਾਨਾਂ ਨੂੰ ਖੇਤੀ ਵਿਗਿਆਨੀਆਂ ਨਾਲ ਰਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ।
ਇਸ ਮੌਕੇ ਸ੍ਰ: ਅਮਨਪ੍ਰੀਤ ਸਿੰਘ ਬਰਾੜ ਨੇ ਮੌਸਮੀ ਫਲ ਲਗਾ ਕੇ ਉਨ੍ਹਾਂ ਦੀ ਪ੍ਰੋਸੈਸਿੰਗ ਰਾਹੀਂ ਵਧੇਰੇ ਮੁਨਾਫ਼ਾ ਕਮਾਉਣ ਅਤੇ ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਲਗਾਉਣ ਦੀ ਸਿਫ਼ਾਰਸ਼ ਕੀਤੀ। ਉਨਾਂ ਨੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਖੇਤੀ ਸਿੱਖਿਆ ਪੀ.ਏ.ਯੂ ਤੋਂ ਹਾਸਲ ਕਰਵਾਉਣ ਲਈ ਕਿਹਾ ਤਾਂ ਜੋ ਗਿਆਨ ਵਿਗਿਆਨ ਨਾਲ ਖੇਤੀ ਧੰਦੇ ਨੂੰ ਹੋਰ ਵੀ ਅੱਗੇ ਲਿਜਾਇਆ ਜਾ ਸਕੇ।
ਇਸ ਮੌਕੇ ਡਾ. ਅਜ਼ਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 900 ਤੋਂ ਵੱਧ ਕਿਸਮਾ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਨੇ ਸਰ੍ਹੋਂ ਦੀ ਨਵੀਨ ਕਿਸਮ ਪੀ.ਐਚ.ਆਰ. 127, ਗੋਭੀ ਸਰ੍ਹੋਂ ਦੀ ਹਾਈਬ੍ਰਿਡ ਪੀ.ਜੀ.ਐਸ. ਐਚ 2155, ਜਵੀਂ ਦੀ ਕਿਸਮ ਓ ਐਲ 17, ਬੇਕਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੀ.ਬੀ ਡਬਲਯੂ ਬਿਸਕੁਟ-1 ਅਤੇ ਰੋਟੀ ਲਈ ਢੁਕਵੀਂ ਕਿਸਮ ਪੀ.ਬੀ. ਡਬਲਯੂ ਚਪਾਤੀ-1 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਨੇ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ‘ਤਾਕਤ’ ਨਾਂ ਦੀ ਦਵਾਈ ਦੀ ਵਰਤੋਂ ਕਰਨ ਦੇ ਨਾਲ-ਨਾਲ ਜੈਵਿਕ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦਾ ਛਿੜਕਾਅ ਅਤੇ ਜੈਵਿਕ ਖੇਤੀ ਵਿੱਚ ਤੇਲ ਬੀਜ ਫ਼ਸਲਾਂ ਉਪਰ ਚੇਪੇ ਦਾ ਹਮਲਾ ਹੋਣ ਤੇ ਪੀ.ਏ.ਯੂ. ਨਿੰਮ ਦੇ ਘੋਲ ਦਾ ਛਿੜਕਾਅ ਕਰਨ ਲਈ ਕਿਹਾ।
ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਖੇਤੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ। ਪੀ.ਏ.ਯੂ.ਦੇ ਲੁਧਿਆਣਾ ਕੈਂਪਸ ਵਿਖੇ 13-14 ਸਤੰਬਰ ਨੂੰ ਲੱਗਣ ਵਾਲੇ ਕਿਸਾਨ ਮੇਲੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਤਾਕੀਦ ਕਰਦਿਆਂ ਉਨਾਂ ਕਿਹਾ ਕਿ ਪੀ.ਏ.ਯੂ. ਦਾ ਲਗਾਤਾਰ ਦੂਜੇ ਸਾਲ ਵੀ ਦੇਸ਼ ਦੀ ਸਰਬੋਤ਼ਮ ਖੇਤੀ ਯੂਨੀਵਰਸਿਟੀ ਬਣਨ ਦਾ ਸਮੁੱਚਾ ਸਿਹਰਾ ਖੇਤੀ ਵਿਗਿਆਨੀਆਂ ਦੇ ਨਾਲ-ਨਾਲ ਸਾਡੇ ਕਿਸਾਨਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਦੀਆਂ ਖੋਜਾਂ ਪ੍ਰਤੀ ਹਮੇਸ਼ਾਂ ਅਥਾਹ ਵਿਸ਼ਵਾਸ਼ ਜਤਾਇਆ ਹੈ . ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਉਨਾਂ ਨੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਸਿਫ਼ਾਰਸ਼ ਕੀਤੀ।
ਇਸ ਮੌਕੇ ਸ੍ਰ: ਕੁਲਤਾਰ ਸਿੰਘ ਸੰਧਵਾਂ, ਸ੍ਰ: ਗੁਰਦਿੱਤ ਸਿੰਘ ਸੇਖੋਂ, ਸ੍ਰ: ਅਮਨਪ੍ਰੀਤ ਸਿੰਘ ਬਰਾੜ, ਡਾ. ਪੰਕਜ਼ ਰਾਠੌਰ ਅਤੇ ਸ੍ਰ: ਸੁਖਮੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਕੁਲਦੀਪ ਸਿੰਘ, ਨਿਰਦੇਸ਼ਕ ਖੇਤਰੀ ਖੋਜ ਕੇਂਦਰ ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਨੇ ਕਰਦਿਆਂ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੁਨਰ ਵਿਕਾਸ ਕੇਂਦਰ ਵੱਲੋਂ ਲਗਾਈਆਂ ਜਾਂਦੀਆਂ ਖੇਤੀ ਸਿਖਲਾਈਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਪੁਸਤਕ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ।