ਡਿਪਟੀ ਕਮਿਸ਼ਨਰ ਦੀ ਅਗਵਾਈ ‘ਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਬੋਰਡ ਸਥਾਪਿਤ
ਲੁਧਿਆਣਾ, 10 ਸਤੰਬਰ: ਸਿਹਤ ਸੰਸਥਾਵਾਂ ਵਿਖੇ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਇੱਕ ਸਥਾਨਕ ਜ਼ਿਲ੍ਹਾ ਸਿਹਤ ਬੋਰਡ ਦੀ ਸਥਾਪਨਾ ਕੀਤੀ ਗਈ ਹੈ।
ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਚੇਅਰਮੈਨ ਵਜੋਂ ਕਰਨਗੇ, ਜਿਸ ਵਿੱਚ ਪੁਲਿਸ ਕਮਿਸ਼ਨਰ/ਐਸ.ਐਸ.ਪੀਜ਼ ਸਿਵਲ ਸਰਜਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਹੋਣਗੇ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਮੈਡੀਕਲ ਅਤੇ ਪੈਰਾ-ਮੈਡੀਕਲ ਕਰਮਚਾਰੀ ਸਾਡੇ ਭਾਈਚਾਰੇ ਦੀ ਨੀਂਹ ਹਨ ਅਤੇ ਸਰਕਾਰ ਹਸਪਤਾਲਾਂ ਅਤੇ ਹੋਰ ਮੈਡੀਕਲ ਸਹੂਲਤਾਂ ਦੇ ਅੰਦਰ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਇਹ ਬੋਰਡ ਮੈਡੀਕਲ ਸਟਾਫ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਿਚਾਰ ਵਟਾਂਦਰਾ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਲਈ ਮਹੀਨਾਵਾਰ ਮੀਟਿੰਗ ਕਰੇਗਾ।
ਡਿਪਟੀ ਕਮਿਸ਼ਨਰ ਨੇ ਬੋਰਡ ਦੇ ਹੋਰ ਮੈਂਬਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਮੈਡੀਕਲ ਪੇਸ਼ੇਵਰਾਂ ਲਈ ਸੁਰੱਖਿਆ ਉਪਾਵਾਂ ਦੀ ਨਿਰੰਤਰ ਨਿਗਰਾਨੀ ਕਰਨ ਤਾਂ ਜੋ ਉਹ ਬੇਝਿੱਜਕ ਹੋ ਕੇ ਆਪਣੀ ਡਿਊਟੀ ਨਿਭਾਉਣ।
ਬੋਰਡ 24×7 ਪੁਲਿਸ ਅਧਿਕਾਰੀਆਂ ਦੀ ਮੌਜੂਦਗੀ, ਨਿਯਮਤ ਨਿਗਰਾਨੀ, ਕਲੋਜ਼-ਸਰਕਟ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਪ੍ਰਣਾਲੀਆ ਦਾ ਸੰਚਾਲਨ, ਹਸਪਤਾਲਾਂ ਵਿੱਚ ਪ੍ਰਤੀ ਮਰੀਜ਼ ਪਰਿਵਾਰ ਦੇ ਇੱਕ ਮੈਂਬਰ ਦਾ ਨਿਯਮ, ਸੁਰੱਖਿਆ ਨਿਰੀਖਣ ਕਰਨ, ਸਾਰੇ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਆਈ-ਕਾਰਡ ਪ੍ਰਦਾਨ ਕਰਨ ਨੂੰ ਯਕੀਨੀ ਬਣਾਏਗਾ, ਸਟਾਫ ਲਈ ਕਿਸੇ ਵੀ ਐਮਰਜੈਂਸੀ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਵਾਧੂ ਸੁਰੱਖਿਆ ਉਪਾਅ ਲਈ ਇੱਕ ਹੈਲਪਲਾਈਨ 112 ਜਾਂ ਕੰਟਰੋਲ ਰੂਮ 0161-2444193 ਸਥਾਪਿਤ ਕੀਤਾ ਜਾਵੇਗਾ।