ਲੁਧਿਆਣਾ: ਆਖਰਕਾਰ, ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਯਤਨਾਂ ਦੇ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਚਾਰ/ਛੇ ਮਾਰਗੀ ਗ੍ਰੀਨਫੀਲਡ ਲੁਧਿਆਣਾ-ਰੂਪਨਗਰ ਨੈਸ਼ਨਲ ਹਾਈਵੇ ਪ੍ਰੋਜੈਕਟ 1 ਨੂੰ ਆਖਰਕਾਰ ਮੁੜ ਸੁਰਜੀਤ ਕਰ ਦਿੱਤਾ ਗਿਆ ਹੈ ਅਤੇ ਸਾਰੀ ਐਕੁਆਇਰ ਜ਼ਮੀਨ ਦਾ ਕਬਜ਼ਾ ਹੋ ਗਿਆ। ਜੀਆਰ ਇੰਫਰਾ ਉਹ ਠੇਕੇਦਾਰ ਹੈ ਜੋ ਪ੍ਰੋਜੈਕਟ ਨੂੰ ਪੂਰਾ ਕਰਨ ਜਾ ਰਿਹਾ ਹੈ।
ਐਮ.ਪੀ ਅਰੋੜਾ ਕੋਲ ਮੌਜੂਦ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਪ੍ਰੋਜੈਕਟ ਡਾਇਰੈਕਟਰ ਨੇ ਸਬੰਧਤ ਨਿਰਮਾਣ ਕੰਪਨੀ ਨੂੰ ਪੱਤਰ ਲਿਖਿਆ ਹੈ ਕਿ 37.7 ਕਿਲੋਮੀਟਰ ਦੀ ਲੰਬਾਈ ਦੇ ਸਮੁੱਚੇ ਪ੍ਰੋਜੈਕਟ ਦਾ ਕਬਜ਼ਾ ਪਿੱਲਰ ਫਿਕਸ ਕਰਕੇ ਪ੍ਰਾਪਤ ਕੀਤਾ ਗਿਆ ਹੈ। ਐਨ.ਐਚ.ਏ.ਆਈ. ਪ੍ਰੋਜੈਕਟ ਡਾਇਰੈਕਟਰ ਨੇ ਉਸਾਰੀ ਕੰਪਨੀ ਨੂੰ ਤੁਰੰਤ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰਨ ਲਈ ਕਿਹਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਲੇਬਰ ਅਤੇ ਮਸ਼ੀਨਰੀ ਸਮੇਤ ਸਾਰੇ ਲੋੜੀਂਦੇ ਸਰੋਤ ਸਾਈਟ ‘ਤੇ ਇਕੱਠੇ ਕੀਤੇ ਜਾਣ।
ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਜੈਕਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਰਾਹ ਪੱਧਰਾ ਕਰਨ ਲਈ ਸਮੁੱਚੀ ਜ਼ਮੀਨ ਦੇ ਕਬਜ਼ੇ ਦਾ ਪ੍ਰਬੰਧ ਕਰਨ ਲਈ ਸਾਰੇ ਹਿੱਸੇਦਾਰਾਂ ਅਤੇ ਸਰਕਾਰੀ ਮਸ਼ੀਨਰੀ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਮਲ ਕੀਤਾ ਸੀ।
ਅਰੋੜਾ ਨੇ ਇਸ ਸਾਲ ਜੂਨ ਵਿੱਚ ਲੋੜੀਂਦੀ ਜ਼ਮੀਨ ਦੀ ਘਾਟ ਕਾਰਨ ਪ੍ਰੋਜੈਕਟ ਨੂੰ ਟਾਲਣ ਤੋਂ ਬਾਅਦ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਅਤੇ ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਗਡਕਰੀ ਅਤੇ ਯਾਦਵ ਨਾਲ ਮੀਟਿੰਗਾਂ ਦੌਰਾਨ ਜ਼ਮੀਨੀ ਮੁੱਦੇ ਨੂੰ ਸੁਲਝਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ। ਗਡਕਰੀ ਅਤੇ ਯਾਦਵ ਦੋਵਾਂ ਨੇ ਸਕਾਰਾਤਮਕ ਪ੍ਰਤੀਕਿਰਿਆ ਦਿਖਾਈ ਸੀ।
ਇਸ ਤੋਂ ਬਾਅਦ ਅਰੋੜਾ ਨੇ ਇਹ ਮਾਮਲਾ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਉਠਾਇਆ। ਉਨ੍ਹਾਂ ਨੂੰ ਸਾਰੇ ਹਿੱਸੇਦਾਰਾਂ ਨਾਲ ਕਈ ਮੀਟਿੰਗਾਂ ਕਰਨੀਆਂ ਪਈਆਂ ਅਤੇ ਅੰਤ ਵਿੱਚ ਹਾਈਵੇਅ ਦੇ ਨਿਰਮਾਣ ਵਿੱਚ ਹੋਰ ਦੇਰੀ ਤੋਂ ਬਚਣ ਲਈ ਅੰਦੋਲਨਕਾਰੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਉਚਿਤ ਮੁਆਵਜ਼ਾ ਦੇ ਕੇ ਸ਼ਾਂਤ ਕੀਤਾ ਗਿਆ। ਅਰੋੜਾ ਨੇ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਕੀਤੇ ਕਿਉਂਕਿ ਉਹ ਪੂਰੀ ਤਰ੍ਹਾਂ ਸਮਝਦੇ ਹਨ ਕਿ ਸੜਕੀ ਬੁਨਿਆਦੀ ਢਾਂਚਾ ਰਾਜ ਦੇ ਸਮੁੱਚੇ ਵਿਕਾਸ ਅਤੇ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਅਰੋੜਾ ਨੇ ਕਿਹਾ ਕਿ ਚਾਰ ਤੋਂ ਛੇ ਮਾਰਗੀ ਗਰੀਨਫੀਲਡ ਲੁਧਿਆਣਾ-ਰੂਪਨਗਰ ਨੈਸ਼ਨਲ ਹਾਈਵੇਅ-205ਕੇ ਦੇ ਪੈਕੇਜ 1 ‘ਤੇ ਕੰਮ, ਮਾਨੇਵਾਲ (ਲੁਧਿਆਣਾ) ਨੇੜੇ ਐਨਈ-205 ਪਿੰਡ ਦੇ ਜੰਕਸ਼ਨ ਤੋਂ ਲੈ ਕੇ ਭਿਓਰਾ ਪਿੰਡ (ਰੂਪਨਗਰ) ਦੇ ਐਨਐਚ-205 ਤੱਕ, ਜਿਸ ਵਿੱਚ ਪੰਜਾਬ ਵਿੱਚ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਲੁਧਿਆਣਾ ਬਾਈਪਾਸ ਦੇ ਨਾਲ-ਨਾਲ ਖਰੜ ਤੱਕ ਦਾ ਸਪਰ ਸ਼ਾਮਿਲ ਹੈ, ਨੂੰ ਘੱਟ ਤੋਂ ਘੱਟ ਸੰਭਵ ਸਮੇਂ ਅੰਦਰ ਪੂਰਾ ਕਰਨ ਦੇ ਲਈ ਪਹਿਲ ਦੇ ਅਧਾਰ ‘ਤੇ ਲਿਆ ਜਾਵੇਗਾ, ਕਿਉਂਕਿ ਪ੍ਰੋਜੈਕਟ ਪਹਿਲਾਂ ਹੀ ਲੇਟ ਹੋ ਚੁੱਕਾ ਹੈ। 37.7 ਕਿਲੋਮੀਟਰ ਲੰਬਾ ਚਾਰ ਤੋਂ ਛੇ ਮਾਰਗੀ ਗ੍ਰੀਨਫੀਲਡ ਲੁਧਿਆਣਾ-ਰੂਪਨਗਰ ਨੈਸ਼ਨਲ ਹਾਈਵੇ ਪ੍ਰੋਜੈਕਟ ਐਨਐਚਏਆਈ ਦੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
Read Time:4 Minute, 5 Second