
ਲੁਧਿਆਣਾ 17 ਮਾਰਚ: ਪੀ.ਏ.ਯੂ. ਨੇ ਬੀਤੇ ਦਿਨੀਂ ਕੁਦਰਤੀ ਸਿਰਕੇ ਦੇ ਪਸਾਰ ਲਈ ਇਕ ਤ੍ਰੈ ਪੱਖੀ ਸੰਧੀ ਉੱਪਰ ਦਸਤਖਤ ਕੀਤੇ| ਇਸ ਵਿਚ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਚੰਡੀਗੜ ਅਤੇ ਕਰਨਾਲ ਸਥਿਤ ਲੈਬਰੋਜ਼ ਆਯੂਰਵੇਦਾ ਨਾਂ ਦੀ ਫਰਮ ਦੂਸਰੀਆਂ ਦੋ ਧਿਰਾਂ ਹਨ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੇ ਕਾਰਜਕਾਰੀ ਨਿਰਦੇਸ਼ਕ ਇੰਜ: ਪ੍ਰਿਤਪਾਲ ਸਿੰਘ ਅਤੇ ਲੈਬਰੋਸੇ ਆਯੂਰਵੇਦਾ ਵੱਲੋਂ ਕੁਮਾਰੀ ਕਾਮਿਨੀ ਨੇ ਇਸ ਤ੍ਰੈਪੱਖੀ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਦਸਤਖਤ ਕੀਤੇ|
ਇਸ ਮੌਕੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੇ ਡਾ. ਦਪਿੰਦਰ ਕੌਰ ਬਕਸ਼ੀ, ਪੀ.ਏ.ਯੂ. ਦੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਖ ਡਾ. ਖੁਸ਼ਦੀਪ ਧਰਨੀ, ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲ ਗੁਪਤਾ ਵੀ ਖਾਸ ਤੌਰ ਤੇ ਮੌਜੂਦ ਸਨ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਪ੍ਰਮੁੱਖ ਵਗਿਆਨੀ ਡਾ. ਜੀ ਐੱਸ ਕੋਚਰ ਨੂੰ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ|
ਡਾ. ਕੋਚਰ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਨਿਰੰਤਰ ਤੌਰ ਤੇ ਫਰਮੈਂਨਟਡ ਸਿਰਕੇ ਦੀ ਖੋਜ ਸੰਬੰਧੀ ਕਾਰਜ ਕੀਤਾ ਹੈ| ਰਵਾਇਤੀ ਫਲਾਂ ਤੋਂ ਪੋਸ਼ਕ ਅਤੇ ਕੁਦਰਤੀ ਸਿਰਕੇ ਦਾ ਨਿਰਮਾਣ ਕਰਨ ਵਾਲੀ ਤਕਨਾਲੋਜੀ ਰਾਹੀਂ ਪੀ.ਏ.ਯੂ. ਨੇ ਬਾਗਬਾਨੀ ਉਤਪਾਦਨ ਦੇ ਮੁੱਲਵਾਧੇ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕੀਤਾ| ਉਹਨਾਂ ਕਿਹਾ ਕਿ ਸਿਹਤ ਸੰਬੰਧੀ ਜਾਗਰੂਕਤਾ ਕਾਰਨ ਇਸ ਸਿਰਕੇ ਦੀ ਭਾਰੀ ਮੰਗ ਦੇਖਣ ਵਿਚ ਆਈ ਹੈ ਅਤੇ ਪੀ.ਏ.ਯੂ. ਨੇ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਦਸਵੀਂ ਸੰਧੀ ਕੀਤੀ ਹੈ|