
ਲੁਧਿਆਣਾ: ਪੀ.ਏ.ਯੂ. ਵਿਖੇ ਕੱਲ ਤੋਂ ਸਾਉਣੀ ਦੀਆਂ ਫਸਲਾਂ ਲਈ ਆਰੰਭ ਹੋ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ| ਇਸ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪੀ.ਏ.ਯੂ. ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਲੀਹ ਪਾੜਨ ਵਾਲੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਨਮਾਨਿਤ ਕਰਦੀ ਹੈ| ਇਸਦਾ ਉਦੇਸ਼ ਹੋਰ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਤਸ਼ਾਹਿਤ ਕਰਨਾ ਹੈ| ਉਹਨਾਂ ਦੱਸਿਆ ਕਿ ਕੱਲ ਉਦਘਾਟਨੀ ਸਮਾਰੋਹ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨ ਦਿੱਤੇ ਜਾਣਗੇ|
ਵਿਸਥਾਰ ਨਾਲ ਗੱਲ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹਨਾਂ ਸਨਮਾਨਾਂ ਵਿਚ ਖੇਤੀ ਵਿਚ ਆਧੁਨਿਕ ਮਸ਼ੀਨਰੀ ਅਪਨਾਉਣ ਵਾਲੇ ਸਿਰਮੌਰ ਕਿਸਾਨ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਸ. ਗੁਰਦੀਪ ਸਿੰਘ ਸਪੁੱਤਰ ਸ. ਗੁਰਮੇਲ ਸਿੰਘ ਪਿੰਡ ਕੋਟ ਫਤੂਹੀ, ਬਲਾਕ ਮਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ| ਗੁਰਦੀਪ ਸਿੰਘ ਉੱਦਮੀ ਕਿਸਾਨ ਹੈ ਜਿਸਨੇ ਸਨਾਤਕ ਤੱਕ ਸਿੱਖਿਆ ਹਾਸਲ ਕੀਤੀ| ਇਹ ਕਿਸਾਨ ਪਿਛਲੇ ਪੰਦਰਾਂ ਸਾਲ ਤੋਂ ਨੌਂ ਏਕੜ ਜ਼ਮੀਨ ਦੀ ਮਾਲਕੀਅਤ ਰੱਖਦਾ ਹੈ ਅਤੇ ਪਚਵੰਜਾ ਏਕੜ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ ਹੈ|
ਇਸੇ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਵਾਲੇ ਸਿਰਮੌਰ ਕਿਸਾਨ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਇਸ ਵਾਰ ਸਰਦਾਰਨੀ ਹਰਪ੍ਰੀਤ ਕੌਰ ਪਤਨੀ ਸ. ਅਮਰਿੰਦਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮੰਨਾ ਪਿੰਡ ਨੂੰ ਦਿੱਤਾ ਜਾ ਰਿਹਾ ਹੈ| ਇਸ ਕਿਸਾਨ ਬੀਬੀ ਨੇ ਸਾਲ 2021 ਦੇ ਵਿਚ ਜੈਵਿਕ ਖੇਤੀ ਤਿੰਨ ਏਕੜ ਤੋਂ ਆਰੰਭ ਕੀਤੀ ਅਤੇ ਜੈਵਿਕ ਖੇਤੀ ਸੰਬੰਧੀ ਸਿਖਲਾਈਆਂ ਉਹਨਾਂ ਪੰਜਾਬ ਐਗਰੋ ਬਰਨਾਲਾ, ਨੈਚੁਰਲ ਫਾਰਮਰ ਐਸੋਸੀਏਸ਼ਨ, ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਆਦਿ ਤੋਂ ਪ੍ਰਾਪਤ ਕੀਤੀਆਂ| ਇਸ ਸਮੇਂ ਸਰਦਾਰਨੀ ਹਰਪ੍ਰੀਤ ਕੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਰਗੈਨਿਕ ਫਾਰਮਰ ਕਲੱਬ ਦੀ ਵਾਈਸ ਪ੍ਰਧਾਨ ਵਜੋਂ ਅਹੁਦਾ ਸੰਭਾਲ ਰਹੀ ਹੈ|
ਪਾਣੀ ਪ੍ਰਬੰਧਨ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਸ. ਜਸਬੀਰ ਸਿੰਘ ਸਪੁੱਤਰ ਸ. ਹਰੀ ਸਿੰਘ, ਬਲਾਕ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਦੇ 71 ਸਾਲਾ ਕਿਸਾਨ ਦੇ ਹਿੱਸੇ ਆਇਆ ਹੈ| ਪੰਜ ਦਹਾਕਿਆਂ ਤੋਂ ਵੱਧ ਖੇਤੀ ਤਜਰਬਾ ਰੱਖਣ ਵਾਲਾ ਸ. ਜਸਬੀਰ ਸਿੰਘ ਕੋਲ 12 ਏਕੜ ਵਾਹੀਯੋਗ ਰਕਬਾ ਹੈ| ਇਸ ਕਿਸਾਨ ਨੇ ਵੱਖ ਵੱਖ ਅਦਾਰਿਆਂ ਤੋਂ ਸਿਖਲਾਈਆਂ ਪ੍ਰਾਪਤ ਕੀਤੀਆਂ ਅਤੇ ਆਪਣੀ ਖੇਤੀ ਨੂੰ ਤਕਨੀਕੀ ਲੀਹਾਂ ਤੇ ਤੋਰ ਰਿਹਾ ਹੈ|
ਬਾਗਬਾਨਾਂ ਲਈ ਮੁੱਖ ਮੰਤਰੀ ਪੁਰਸਕਾਰ ਇਸ ਵਾਰ ਸ. ਜਸਕਰਨ ਸਿੰਘ ਪੁੱਤਰ ਸ. ਬਲਦੇਵ ਸਿੰਘ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਕਾਉਂਣੀ ਦੇ ਅਗਾਂਹਵਧੂ ਕਿਸਾਨ ਨੂੰ ਦਿੱਤਾ ਜਾਵੇਗਾ| ਉਮਰ ਦੇ 51 ਬਸੰਤ ਹੰਢਾਉਣ ਵਾਲੇ ਇਸ ਕਿਸਾਨ ਨੇ ਦਸਵੀਂ ਤੱਕ ਦੀ ਪੜਾਈ ਤੋਂ ਬਾਅਦ ਖੇਤੀ ਨੂੰ ਪਿਤਾ ਪੁਰਖੀ ਕਿੱਤੇ ਤੋਂ ਵਿਗਿਆਨਕ ਲੀਹਾਂ ਵੱਲ ਲਿਜਾਣ ਵਾਲਾ ਕਾਰੋਬਾਰ ਬਨਾਉਣ ਲਈ ਯਤਨ ਆਰੰਭ ਕੀਤੇ| ਪਿਛਲੇ 32 ਸਾਲ ਤੋਂ 15 ਏਕੜ ਜ਼ਮੀਨ ਉੱਪਰ ਖੇਤੀ ਕਰਨ ਵਾਲਾ ਇਹ ਕਿਸਾਨ ਵਿਸ਼ੇਸ਼ ਤੌਰ ਤੇ ਸਟਰਾਅਬੇਰੀ ਦੀ ਖੇਤੀ ਲਈ ਜਾਣਿਆ ਪਛਾਣਿਆ ਨਾ ਬਣ ਚੁੱਕਾ ਹੈ|
ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਲਈ ਸ. ਅਮਨਿੰਦਰ ਸਿੰਘ ਪੁੱਤਰ ਸ. ਮਦਨ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਣਾ ਦੇ 38 ਸਾਲਾ ਨੌਜਵਾਨ ਕਿਸਾਨ ਦੀ ਚੋਣ ਕੀਤੀ ਗਈ ਹੈ| ਇਸ ਕਿਸਾਨ ਨੇ ਬਾਗਬਾਨੀ ਫਸਲਾਂ ਵਿਸ਼ੇਸ਼ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਲਈ ਛੋਟੀ ਉਮਰ ਵਿਚ ਹੀ ਵਿਸ਼ੇਸ਼ ਨਾਮਣਾ ਖੱਟਿਆ ਹੈ| ਉਸਨੇ ਵਿਗਿਆਨਕ ਸਬਜ਼ੀ ਕਾਸ਼ਤ ਦੀਆਂ ਵਿਧੀਆਂ ਜਿਵੇਂ ਖੁੰਬ ਉਤਪਾਦਨ, ਸਬਜ਼ੀਆਂ ਦੀ ਪਨੀਰੀ ਪਾਲਣ ਅਤੇ ਵਿਗਿਆਨ ਤਕਨੀਕਾਂ ਜਿਵੇਂ ਤੁਪਕਾ ਸਿੰਚਾਈ, ਖਾਦ ਸਿੰਚਾਈ ਦੇ ਨਾਲ-ਨਾਲ ਸੁਰੱਖਿਅਤ ਖੇਤੀ ਦੀ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਪੀ.ਏ.ਯੂ. ਲੁਧਿਆਣਾ ਤੋਂ ਹਾਸਲ ਕੀਤੀ|
ਫ਼ਸਲ ਉਤਪਾਦਨ ਅਤੇ ਸਹਾਇਕ ਕਿੱਤਿਆ ਲਈ ਮੁੱਖ ਮੰਤਰੀ ਪੁਰਸਕਾਰ ਜ਼ਿਲ੍ਹਾ ਜਲੰਧਰ ਦੇ ਪਿੰਡ ਧੋਗੜੀ ਦੇ ਜੰਮਪਲ ਕਿਸਾਨ ਪਵਨਜੋਤ ਸਿੰਘ ਨੂੰ ਫਸਲ ਉਤਪਾਦਨ ਅਤੇ ਸਹਾਇਕ ਕਿੱਤਿਆਂ ਦੇ ਖੇਤਰ ਵਿਚ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰਨ ਵਾਸਤੇ ਦਿੱਤਾ ਜਾਵੇਗਾ| ਪਿਛਲੇ 42 ਸਾਲਾਂ ਤੋਂ ਖੇਤੀਬਾੜੀ ਕਰ ਰਹੇ ਇਸ ਕਿਸਾਨ ਦੀ ਨਿੱਜੀ ਮਲਕੀਅਤ ਸਾਢੇ 17 ਏਕੜ ਜ਼ਮੀਨ ਹੈ ਜਦਕਿ ਉਹ ਸਵਾ ਸੌ ਏਕੜ ਦੇ ਆਸ-ਪਾਸ ਜ਼ਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਕਰ ਰਹੇ ਹਨ|
ਫ਼ਸਲ ਉਤਪਾਦਨ ਅਤੇ ਫ਼ਸਲ ਨਾਲ ਸੰਬੰਧਤ ਕਿੱਤਿਆਂ ਲਈ ਦਿੱਤਾ ਜਾਣ ਵਾਲਾ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਇਸ ਵਾਰ ਸ. ਬਲਜੀਤ ਸਿੰਘ ਸਪੁੱਤਰ ਸਰਦਾਰ ਅਮਰਜੀਤ ਸਿੰਘ, ਪਿੰਡ ਕਾਕੜਾ, ਜ਼ਿਲਾ ਸੰਗਰੂਰ ਦੇ ਹਿੱਸੇ ਆਵੇਗਾ| ਸ. ਬਲਜੀਤ ਸਿੰਘ ਕੋਲ 6 ਏਕੜ ਜ਼ਮੀਨ ਦੀ ਮਲਕੀਅਤ ਹੈ ਅਤੇ ਉਹ 20 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ | ਉਸ ਨੂੰ ਖੇਤੀ ਦਾ 17 ਸਾਲ ਦਾ ਤਜਰਬਾ ਹੈ| ਸੋਲਨ ਦੇ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਤੋਂ ਖੁੰਭ ਉਤਪਾਦਨ ਦੀ ਤਕਨੀਕੀ ਸਿਖ਼ਲਾਈ ਲੈ ਕੇ, ਉਹ ਪਿਛਲੇ 10 ਸਾਲਾਂ ਤੋਂ ਖੇਤੀ ਅਧਾਰਤ ਸਹਿਯੋਗੀ ਕਿੱਤੇ, ਖੁੰਭਾਂ ਦੀ ਖੇਤੀ ਨਾਲ ਜੁੜਿਆ ਹੋਇਆ ਹੈ|