
ਲੁਧਿਆਣਾ, 4 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਵੱਲੋਂ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 51 ਵਿੱਚ ਆਧਾਰ ਕਾਰਡ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।
ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇਸ ਕੈਂਪ ਦਾ ਦੌਰਾ ਕਰਕੇ ਕੈਂਪ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਕੈਂਪ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਮੌਜੂਦਾ ਪਰਿਪੇਖ ਵਿੱਚ ਆਧਾਰ ਕਾਰਡ ਦੀ ਮਹੱਤਤਾ ਅਤੇ ਸਾਰਥਕਤਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਇਕ ਮਹੱਤਵਪੂਰਨ ਤੇ ਬੇਹੱਦ ਜ਼ਰੂਰੀ ਦਸਤਾਵੇਜ਼ ਹੈ ਜੋ ਹਰ ਕਿਸੇ ਲਈ ਲਾਜ਼ਮੀ ਹੋ ਗਿਆ ਹੈ।
ਅਰੋੜਾ ਨੇ ਆਪਣੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਵੋਟਰਾਂ ਤੋਂ ਸਮਰਥਨ ਅਤੇ ਵੋਟਾਂ ਮੰਗੀਆਂ। ਉਨ੍ਹਾਂ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੇ ਹਰੇਕ ਵੋਟਰ ਨੂੰ ਆਉਣ ਵਾਲੀ ਜ਼ਿਮਨੀ ਚੋਣ ਵਿੱਚ ਵਿਕਾਸ ਲਈ ਵੋਟ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਲਈ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਰੋਡ ‘ਤੇ ਸਪੀਡ ਬਰੇਕਰ ਬਣਾਉਣ ਦੀ ਮੰਗ ‘ਤੇ ਅਰੋੜਾ ਨੇ ਕਿਹਾ ਕਿ ਇਹ ਕੰਮ ਅਗਲੇ 3-4 ਦਿਨਾਂ ‘ਚ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੈਫਿਕ ਲਾਈਟਾਂ ਵੀ ਲਗਾਈਆਂ ਜਾਣਗੀਆਂ। ਹਾਲਾਂਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲੁਧਿਆਣਾ ਨਗਰ ਨਿਗਮ ਵੱਲੋਂ ਫੀਜ਼ੀਬਿਲਟੀ ਸਟੱਡੀ ਕਰਵਾਈ ਜਾਵੇਗੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕਮਲਜੀਤ ਸਿੰਘ ਸਚਦੇਵਾ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਵਿਕਾਸ ਕਾਰਜ ਦੁੱਗਣੀ ਰਫ਼ਤਾਰ ਨਾਲ ਹੋਣ ਤਾਂ ਉਹ ਅਰੋੜਾ ਦੇ ਹੱਕ ਵਿੱਚ ਵੋਟ ਪਾਉਣ।