
ਲੁਧਿਆਣਾ: ਵਿਧਾਨ ਸਭਾ ਹਲਕਾ ਪੱਛਮੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਮੌਜੂਦਾ ਸੂਬਾ ਪੰਜਾਬ ਸਰਕਾਰ ਲੁਧਿਆਣਾ ਪੱਛਮੀ ਦੀ ਚੋਣ ਜਿਤਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਮੀਟਿੰਗ ਵਿੱਚ ਮੌਜੂਦ ਲੋਕਾਂ ਨੇ ਇਹ ਖਾਦਸ਼ਾ ਜਤਾਇਆ ਕਿ ਉਨ੍ਹਾਂ ਤੇ ਪਰਚੇ ਦਰਜ ਹੋ ਸਕਦੇ ਹਨ। ਐਡਵੋਕੇਟ ਘੁੰਮਣ ਨੇ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਉੱਪ ਚੋਣ ਸਿਧਾਂਤਾਂ ਨੂੰ ਮੁੱਖ ਰੱਖਕੇ ਲੜੀ ਜਾਣੀ ਚਾਹੀਦੀ ਹੈ ਨਾ ਕਿ ਵੋਟਰਾਂ ਨੂੰ ਡਰਾ ਧਮਕਾ ਕੇ ਹੋਣੀ ਚਾਹੀਦੀ ਹੈ। ਐਡਵੋਕੇਟ ਘੁੰਮਣ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਜੇਕਰ ਵਿਰੋਧੀ ਧਿਰ ਵੱਲੋਂ ਕਿਸੇ ਵੋਟਰ, ਮੇਰੇ ਦੋਸਤ ਮਿੱਤਰ ਜਾ ਸਮਰਥਕ ਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਦੀ ਕੋਸਿਸ ਕੀਤੀ ਗਈ ਤਾਂ ਉਨ੍ਹਾਂ ਦੇ 3500 ਵਕੀਲ ਭਰਾਵਾਂ ਦੀ ਟੀਮ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟੇਗੀ। ਐਡਵੋਕੇਟ ਘੁੰਮਣ ਨੇ ਇਹ ਵੀ ਕਿਹਾ ਕਿ ਜਿਹੜੇ ਅਫਸਰ ਸਰਕਾਰ ਦਾ ਹੱਥਠੋਕਾ ਬਣਕੇ ਐਹੋ ਜਹੇ ਕੰਮ ਕਰਨ ਵਿੱਚ ਸਰਕਾਰ ਜਾ ਉਮੀਦਵਾਰ ਦਾ ਸਾਥ ਦੇ ਰਹੇ ਹਨ ਉਨ੍ਹਾਂ ਨੂੰ ਇਹ ਜਾਣ ਲੈਣਾ ਜਰੂਰੀ ਹੋਵੇਗਾ ਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਬੰਦੇ ਨਹੀਂ ਬਦਲੇ। ਐਡਵੋਕੇਟ ਘੁੰਮਣ ਨੇ ਮੌਜੂਦਾ ਸਰਕਾਰ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਕੈਂਪ ਲਗਾਕੇ ਜਾਲੀ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਾਲੀ ਵੋਟਾਂ ਤਿਆਰ ਕਰਨ ਵਿੱਚ .ਸੇਵਾਵਾਂ ਨਿਭਾਅ ਰਹੇ ਹਰ ਇਕ ਨੂੰ ਇਸ ਦਾ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਤੌਰ ਤੇ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਜਾਅਲੀ ਵੋਟਾਂ ਬਣਵਾਈਆਂ ਹਨ ਉਹ ਅਪਣੀ ਸਮਝਦਾਰੀ ਦਿਖਾਉਂਦੇ ਵੋਟਾਂ ਕਟਵਾ ਲੈਣ। ਐਡਵੋਕੇਟ ਘੁੰਮਣ ਨੇ ਆਖਿਰ ਵਿੱਚ ਇਹ ਵੀ ਕਿਹਾ ਕਿ ਜਿਨ੍ਹਾਂ ਘਰਾਂ ਦੇ ਐਡਰੈੱਸ ਤੇ ਜਾਲੀ ਵੋਟਾਂ ਤਿਆਰ ਹੋਣਗੀਆਂ ਉਨ੍ਹਾਂ ਤੇ ਵੀ ਕਾਨੂੰਨੀ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।