ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਸਾਡੀ ਪਾਰਟੀ ਦੀ ਤਮੰਨਾ
ਪਿੰਡਾਂ ਦੇ ਵਿਕਾਸ ਮੇਰੀ ਪਹਿਲੀ ਤਰਜੀਹ-ਧਾਲੀਵਾਲ
ਅੰਮ੍ਰਿਤਸਰ: ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਪਿੰਡਾਂ ਵਿਚ ਵੱਸਦਾ ਹੈ ਅਤੇ ਸਾਡੀ 70 ਫੀਸਦੀ ਤੋਂ ਵੱਧ ਵਸੋਂ ਪਿੰਡਾਂ ਵਿਚ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੈਨੂੰ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਦੇ ਰੂਪ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਉਨ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰ ਸਕਾਂ। ਉਨਾਂ ਕਿਹਾ ਕਿ ਇਸ ਵੇਲੇ ਪਿੰਡਾਂ ਵਿਚ ਸਾਫ-ਸੁਥਰਾ ਪੀਣ ਵਾਲਾ ਪਾਣੀ ਪੁੱਜਦਾ ਕਰਨਾ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨੇ ਵੱਡੀਆਂ ਲੋੜਾਂ ਹਨ ਅਤੇ ਇਨਾਂ ਕੰਮਾਂ ਨੂੰ ਤਰਜੀਹੀ ਅਧਾਰ ਉਤੇ ਕੀਤਾ ਜਾਵੇਗਾ। ਸ. ਧਾਲੀਵਾਲ ਨੇ ਕਿਹਾ ਕਿ ਕੱਲ ਮੰਤਰੀ ਦਾ ਅਹੁਦਾ ਸੰਭਾਲ ਲੈਣ ਦੇ ਨਾਲ ਹੀ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਧਾਲੀਵਾਲ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ ਸੀ ਪੀ ਸ. ਭੰਡਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂੁਧਲ ਤੇ ਹੋਰ ਅਧਿਕਾਰੀਆਂ ਨੇ ਉਨਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਜੀ ਆਇਆਂ ਕਿਹਾ। ਇਸ ਮੌਕੇ ਪੁਲਿਸ ਬਲਾਂ ਨੇ ਸਲਾਮੀ ਦੇ ਕੇ ਰਸਮੀ ਤੌਰ ਤੇ ਉਨਾਂ ਦਾ ਸਵਾਗਤ ਕੀਤਾ। ਸ. ਧਾਲੀਵਾਲ ਨੇ ਇਸ ਮੌਕੇ ਪੇਂਡੂ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚ ਸਥਾਪਿਤ ਕੀਤੇ ਗਏ ਸ. ਭਗਤ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ ਇਸ ਨੂੰ ਲੋਕ ਸਮਰਪਿਤ ਕੀਤਾ ਗਿਆ। ਉਨਾਂ ਸ਼ਹੀਦ ਭਗਤ ਸਿੰਘ ਨੂੰ ਫੁੱਲ ਅਰਪਿਤ ਕਰਕੇ ਸਰਧਾਂਜਲੀ ਭੇਟ ਕੀਤੀ। ਸ. ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਛਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾਵੇ। ਉਨਾਂ ਕਿਹਾ ਕਿ ਇਸ ਲਈ ਜਿੱਥੇ ਮੁੱਖ ਮੰਤਰੀ ਨੇ ਖ਼ੁਦ ਆਪਣਾ ਅਹੁਦਾ ਖਟਕੜ ਕਲਾਂ ਜਾ ਕੇ ਸੰਭਾਲਿਆ ਹੈ, ਉਥੇ ਸਾਰੇ ਵਿਧਾਇਕ ਸਾਹਿਬਾਨ ਨੂੰ ਸੰਦੇਸ਼ ਦਿੱਤਾ ਹੈ ਕਿ ਸ. ਭਗਤ ਸਿੰਘ ਦੀ ਸੋਚ ਉਤੇ ਪਹਿਰਾ ਦਿੱਤਾ ਜਾਵੇ ਅਤੇ ਇਸ ਲਈ ਲਗਾਤਾਰ ਦਿਨ ਰਾਤ ਕੰਮ ਕੀਤਾ ਜਾਵੇ। ਸ. ਧਾਲੀਵਾਲ ਨੇ ਪੰਜਾਬ ਦੇ ਲੋਕਾਂ ਤੋਂ ਇਸ ਆਸ਼ੇ ਦੇ ਪੂਰਤੀ ਲਈ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੌਕੇ ਬਿਜਲੀ ਬੋਰਡੇ ਦੇ ਸੀਨੀਅਰ ਅਧਿਕਾਰੀ ਸ. ਗੁਰਸ਼ਰਨ ਸਿੰਘ ਖਹਿਰਾ, ਪ੍ਰਧਾਨ ਬਲਦੇਵ ਬੱਬੂ ਚੇਤਨਪੁਰਾ, ਵਿਸਥਾਰ ਅਫਸਰ ਸ. ਪ੍ਰਭਦੀਪ ਸਿੰਘ ਚੇਤਨਪੁਰਾ, ਪ੍ਰੋ. ਗੁਰਵਿੰੰਦਰ ਸਿੰਘ ਮੰਮਣਕੇ ਅਤੇ ਹੋੋਰ ਸਖਸ਼ੀਅਤਾਂ ਵੀ ਹਾਜ਼ਰ ਸਨ।