ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਡੀਨ ਖੇਤੀਬਾੜੀ ,ਪ੍ਰਸਿੱਧ ਕਾਲਮ ਨਵੀਸ ਤੇ ਲੇਖਕ ਡਾ. ਰਣਜੀਤ ਸਿੰਘ ਦੀ ਪੁਸਤਕ ਲੋਕ ਰਾਜ ਸਿਰਜਕ ਲੋਕ ਨਾਇਕ ਬੰਦਾ ਸਿੰਘ ਬਹਾਦਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਗਈ।
ਇਸ ਮੌਕੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਡਾ. ਰਣਜੀਤ ਸਿੰਘ ਨੂੰ ਪੁਸਤਕ ਲਈ ਵਧਾਈ ਦਿੰਦਿਆਂ ਆਖਿਆ ਕਿ ਬਾਬਾ ਬੰਦਾ ਸਿੰਘ ਜੀ ਦੀ ਜੀਵਨੀ ਲਿਖ ਕੇ ਬਹੁਤ ਹੀ ਵਧੀਆ ਕਾਰਜ ਕੀਤਾ ਹੈ।ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਮਹਾਂਨਾਇਕ ਹੋਏ ਹਨ ਜਿਨ੍ਹਾਂ ਨੇ ਸਦੀਆਂ ਤੋਂ ਗੁਲਾਮੀ ਭੋਗਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਤੇ ਆਜ਼ਾਦੀ ਦਾ ਪਾਠ ਪੜ੍ਹਾਇਆ।ਜਦੋਂ ਨਿਮਾਣੇ ਤੇ ਲਿਤਾੜੇ ਹੋਏ ਲੋਕਾਂ ਨੇ ਬਾਬਾ ਜੀ ਦੀ ਅਗਵਾਈ ਹੇਠ ਹਥਿਆਰ ਚੁੱਕੇ ਤਾਂ ਸੰਸਾਰ ਦੀ ਸਭ ਤੋਂ ਵੱਡੀ ਸਮਝੀ ਜਾਂਦੀ ਮੁਗਲ ਸਲਤਨਤ ਨੂੰ ਜੜ੍ਹੋਂ ਉਖਾੜ ਦਿੱਤਾ।ਉਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਸਰਦਾਰੀਆਂ ਦੀ ਬਖਸ਼ਿਸ਼ ਕੀਤੀ।ਇਕ ਅਜੇਹੇ ਰਾਜ ਦੀ ਸਥਾਪਨਾ ਕੀਤੀ ਜਿਸ ਦਾ ਖਾਕਾ ਦਸ਼ਮੇਸ਼ ਪਿਤਾ ਨੇ ਉਲੀਕਿਆ ਸੀ।
ਇਸ ਮੌਕੇ ਪੰਜਾਬੀ ਵਿਰਾਸਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਆਖਿਆ ਕਿ ਸਾਮਰਾਜੀ ਤਾਕਤਾਂ ਨੇ ਪੰਜਾਬ ਦੇ ਇਸ ਮਹਾਨ ਨਾਇਕ ਦੀ ਕੀਰਤੀ ਨੂੰ ਛੁਪਾ ਕੇ ਲੋਕਾਂ ਵਿਚ ਗਲਤ ਪ੍ਰਚਾਰ ਕੀਤਾ।ਜਿਸ ਕਰਕੇ ਪੰਜਾਬੀ ਆਪਣੇ ਇਸ ਮਹਾਨ ਨਾਇਕ ਤੋਂ ਦੂਰ ਰਹੇ।ਬਾਬਾ ਬੰਦਾ ਸਿੰਘ ਬਹਾਦਰ ਅਜਿਹੇ ਯੁਗ ਨਾਇਕ ਹਨ ਜਿਨ੍ਹਾਂ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋਂ ਜਾਣੂ ਕਰਵਾਇਆ ਤੇ ਅਣਖ ਨਾਲ ਜੀਉਣਾ ਸਿਖਾਇਆ। ਧਰਤੀ ਤੇ ਮਾਲਕ ਵਾਹਕ ਨੂੰ ਬਣਾਇਆ। ਉਨ੍ਹਾਂ ਕਿਹਾ ਕਿ ਸਾਡੇ ਰਾਹ ਦਿਸੇਰੇ ਡਾ. ਰਣਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਦੀਆਂ ਪ੍ਰਾਪਤੀਆਂ ਦਾ ਸਹੀ ਮੁਲਾਂਕਣ ਕੀਤਾ ਹੈ।ਇਹ ਪੁਸਤਕ ਸਾਡੇ ਲਈ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਡਾ. ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਲਿਖ ਕੇ ਇਕ ਵਧੀਆ ਕਾਰਜ ਕੀਤਾ ਹੈ। ਦਸ਼ਮੇਸ਼ ਪਿਤਾ ਤੋਂ ਪ੍ਰਾਪਤ ਅੰਮ੍ਰਿਤ ਨਾਲ ਇਕ ਵੈਰਾਗੀ ਨੂੰ ਆਜਾਦੀ ਦੀ ਲੜਾਈ ਦਾ ਮਹਾਂਨਾਇਕ ਬਣਾ ਦਿੱਤਾ।ਬਾਬਾ ਜੀ ਦਸ਼ਮੇਸ਼ ਪਿਤਾ ਦਾ ਪਹਿਲਾ ਜਰਨੈਲ ਸੀ ਜਿਸ ਨੇ ਉਨ੍ਹਾਂ ਦੀ ਗੈਰਹਾਜਰੀ ਵਿਚ ਸੰਤ ਸਿਪਾਹੀ ਬਣ ਕੇ ਖਾਲਸੇ ਦੀ ਪਰੀਭਾਸ਼ਾ ਉਤੇ ਪਹਿਰਾ ਦਿੱਤਾ।ਖਾਲਸੇ ਦੀ ਸਿਰਜਣਾ ਤੋਂ ਕੇਵਲ ਨੌ ਸਾਲਾਂ ਪਿਛੋਂ ਹੀ ਸਦੀਆਂ ਤੋਂ ਲਿਤਾੜੇ ਹੋਏ ਲੋਕਾਂ ਨੇ ਜਦੋਂ ਬਾਬਾ ਜੀ ਦੀ ਅਗਵਾਈ ਹੇਠ ਜ਼ੁਲਮ ਖਿਲਾਫ਼ ਹਥਿਆਰ ਚੁੱਕੇ ਤਾਂ ਜਾਲਮਾਂ ਨੂੰ ਚੁਣ ਚੁਣ ਕੇ ਸੋਧਿਆ ਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਹੋਰਾਂ ਆਖਿਆ ਕਿ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਤਿਹਾਸ ਨੇ ਇਨਸਾਫ ਨਹੀਂ ਕੀਤੀ।ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਥਾਂ ਉਨ੍ਹਾਂ ਦੇ ਕਿਰਦਾਰ ਨੂੰ ਛੁਟਿਆਉਣ ਦਾ ਯਤਨ ਕੀਤਾ ਗਿਆ ਹੈ।ਡਾ. ਰਣਜੀਤ ਸਿੰਘ ਨੇ ਇਸ ਪੁਸਤਕ ਰਾਹੀਂ ਆਪਣੇ ਇਸ ਨਾਇਕ ਦੀਆਂ ਪ੍ਰਾਪਤੀਆਂ ਦਾ ਸਹੀ ਵਿਖਿਆਨ ਕੀਤਾ ਹੈ।
ਬਾਬਾ ਜੀ ਦੀ ਬਹਾਦਰੀ ਤੇ ਕੁਰਬਾਨੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇਗੀ।
ਇਸ ਮੌਕੇ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਨੂੰ ਲਿਖਣ ਦੀ ਪ੍ਰੇਰਨਾ ਸਃ ਜਗਦੇਵ ਸਿੰਘ ਜੱਸੋਵਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਦਿੱਤੀ ਸੀ।ਬਾਵਾ ਜੀ ਨੇ ਸਭ ਤੋਂ ਪਹਿਲਾਂ ਇਸ ਮਹਾਨ ਨਾਇਕ ਦੀ ਕੀਰਤੀ ਦਾ ਚਰਚਾ ਸ਼ੁਰੂ ਕੀਤਾ।
ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਹੋਰਾਂ ਵੀ ਇਸ ਪੁਸਤਕ ਲਈ ਵਧਾਈ ਦਿੱਤੀ।ਇਸ ਮੌਕੇ ਪ੍ਰੋ ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਸਾਹਿਤ ਅਕਾਡਮੀ, ਸ਼ਾਇਰਾ ਗੁਰਚਰਨ ਕੌਰ ਕੋਚਰ, ਜਸਪ੍ਰੀਤ,ਕਵੀ ਤ੍ਰਲੋਚਨ ਲੋਚੀ ਮਨਜਿੰਦਰ ਸਿੰਘ ਧਨੋਆਂ ਤੇ ਹੋਰ ਸ਼ਖ਼ਸੀਅਤਾਂ ਹਾਜਰ ਸਨ।
Read Time:4 Minute, 50 Second