ਲੁਧਿਆਣਾ, 01 ਅਕਤੂਬਰ : ਲੁਧਿਆਣਾ ਟਿੱਪਰ ਐਸੋਸੀਏਸ਼ਨ ਨੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਕੁਲਵੰਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਤਨਗੜ੍ਹ ਵਿੱਚ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਤੋਂ ਆਪਣਾ ਧਰਨਾ ਚੁੱਕਿਆ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ ਸੀ।
ਵਿਧਾਇਕ ਗੋਗੀ ਅਤੇ ਸਿੱਧੂ ਨੇ ਆਪਰੇਟਰਾਂ ਨੂੰ ਦੱਸਿਆ ਕਿ ਮਾਈਨਿੰਗ ਨੀਤੀ ਅਨੁਸਾਰ ਅਤੇ ਖਣਨ ਅਤੇ ਭੂ-ਵਿਗਿਆਨ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਂਸ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪਿੰਡ ਰਤਨਗੜ੍ਹ ਦੀ ਇੱਕ ਸਾਈਟ ‘ਤੇ ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ ਸਾਈਟਾਂ ਵੀ ਆਉਣ ਵਾਲੇ ਦਿਨਾਂ ਦੌਰਾਨ ਜ਼ਿਲ੍ਹੇ ਭਰ ਵਿੱਚ ਸ਼ੁਰੂ ਹੋ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਾਈਨਿੰਗ ਨੀਤੀ ਅਨੁਸਾਰ ਪਹਿਲੀ ਅਕਤੂਬਰ ਤੋਂ ਜ਼ਿਲ੍ਹੇ ਵਿੱਚ ਖਣਨ ਦਾ ਕੰਮ ਹਰ ਹੀਲੇ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1 ਜੁਲਾਈ ਤੋਂ 30 ਸਤੰਬਰ ਤੱਕ ਬਰਸਾਤ ਦੇ ਸੀਜ਼ਨ ਦੌਰਾਨ ਦਰਿਆਈ ਰੇਤ ਦੀ ਖੁਦਾਈ ‘ਤੇ ਮੁਕੰਮਲ ਪਾਬੰਦੀ ਸੀ ਪਰ ਹੁਣ ਮਾਨਸੂਨ ਦਾ ਸੀਜ਼ਨ ਖ਼ਤਮ ਹੋ ਗਿਆ ਹੈ ਅਤੇ ਮਾਈਨਿੰਗ ਦਾ ਕੰਮ ਹੁਣ ਮੁੜ ਸ਼ੁਰੂ ਹੋਵੇਗਾ ਅਤੇ ਟਿੱਪਰ ਚਾਲਕਾਂ ਨੂੰ ਗੇੜੇ ਮਿਲਣੇ ਸੁ਼ਰੂ ਹੋ ਜਾਣਗੇ।
ਵਿਧਾਇਕ ਗੋਗੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਇਸ ਸਬੰਧੀ ਮੁੱਖ ਮੰਤਰੀ ਅਤੇ ਟਿੱਪਰ ਮਾਲਕਾਂ ਦੇ ਵਫ਼ਦ ਵਿਚਕਾਰ ਮੀਟਿੰਗ ਵੀ ਹੋਈ।
ਲੁਧਿਆਣਾ ਟਿੱਪਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ।