ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਉੱਚ ਪੁਲਿਸ ਅਧਿਕਾਰੀਆਂ ਨੇ ਪੀ.ਏ.ਯੂ. ਦੇ ਪੇਂਡੂ ਜੀਵਨ ਅਜਾਇਬ ਘਰ ਦਾ ਦੌਰਾ ਕੀਤਾ
ਲੁਧਿਆਣਾ 6 ਫਰਵਰੀ ,੨੦੨੩
ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਆਈ ਪੀ ਐੱਸ ਦੀ ਅਗਵਾਈ ਹੇਠ ਲੁਧਿਆਣਾ ਦੇ ਉੱਚ ਪੋਸਟ ਅਧਿਕਾਰੀਆਂ ਨੇ ਪੀ.ਏ.ਯੂ. ਵਿੱਚ ਸਥਿਤ ਪੇਂਡੂ ਜੀਵਨ ਅਜਾਇਬ ਘਰ ਦਾ ਦੌਰਾ ਕੀਤਾ | ਇਸ ਦੌਰਾਨ ਸ. ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਅਜਾਇਬ ਘਰ ਵਿੱਚ ਸਥਾਪਿਤ ਪੇਂਡੂ ਜੀਵਨ ਦੀਆਂ ਯਾਦਗਾਰੀ ਵਸਤੂਆਂ ਨੂੰ ਨੇੜਿਉਂ ਦੇਖਿਆ | ਸ. ਸਿੱਧੂ ਨੇ ਕਿਹਾ ਕਿ ਪੀ.ਏ.ਯੂ. ਨੇ ਇਸ ਅਜਾਇਬ ਘਰ ਰਾਹੀਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਸੰਭਾਲ ਆਉਣ ਵਾਲੀਆਂ ਪੀੜੀਆਂ ਲਈ ਕੀਤੀ ਹੈ | ਉਹਨਾਂ ਤਸੱਲੀ ਪ੍ਰਗਟਾਈ ਕਿ ਪੰਜਾਬ ਦੇ ਪੇਂਡੂ ਅਤੇ ਕਿਸਾਨੀ ਜੀਵਨ ਦਾ ਵਡੇਰਾ ਹਿੱਸਾ ਇਸ ਅਜਾਇਬ ਘਰ ਵਿੱਚ ਸੁਰੱਖਿਅਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਅਜਾਇਬ ਘਰ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਇਹ ਕੀਮਤੀ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ. ਮਨਦੀਪ ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਸਵਾਗਤ ਕੀਤਾ | ਉਹਨਾਂ ਕਿਹਾ ਕਿ ਇਹ ਅਜਾਇਬ ਘਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਹੋਂਦ ਵਿੱਚ ਆਇਆ | ਇਸ ਵਿੱਚ ਪੁਰਾਣੇ ਕਿਸਾਨੀ ਸਮਾਜ ਦੀਆਂ ਅਨੇਕ ਚੀਜ਼ਾਂ ਸੰਭਾਲੀਆਂ ਹੋਈਆਂ ਹਨ | ਡਾ. ਗੋਸਲ ਨੇ ਜਾਣਕਾਰੀ ਦਿੱਤੀ ਕਿ ਇਸ ਅਜਾਇਬ ਘਰ ਨੂੰ ਬੀਤੇ ਦਿਨੀਂ ਪੰਜਾਬ ਦੇ ਸੈਰ ਸਪਾਟਾ ਮੰਤਰਾਲੇ ਨੇ ਵਿਰਾਸਤੀ ਥਾਂ ਵਜੋਂ ਪਛਾਣ ਕੇ ਆਪਣੀ ਵੈਬਸਾਈਟ ਤੇ ਸ਼ਾਮਿਲ ਕੀਤਾ ਹੈ | ਡਾ. ਗੋਸਲ ਨੇ ਕਿਹਾ ਕਿ ਸ. ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਇਸ ਅਜਾਇਬ ਘਰ ਵਿੱਚ ਆਉਣਾ ਬੜੇ ਸੁਭਾਗ ਦੀ ਗੱਲ ਹੈ | ਉਹਨਾਂ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਪੀ.ਏ.ਯੂ. ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦਾ ਅਹਿਦ ਕੀਤਾ |
ਸ. ਮਨਦੀਪ ਸਿੰਘ ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਅਜਾਇਬ ਘਰ ਵਿੱਚ ਸਥਾਪਿਤ ਪੁਰਾਤਨ ਚੀਜ਼ਾਂ ਬਾਰੇ ਦੱਸਿਆ | ਉਹਨਾਂ ਕਿਹਾ ਕਿ ਇਸ ਅਜਾਇਬ ਘਰ ਵਿੱਚ ਖੇਤੀ ਦੇ ਔਜ਼ਾਰਾਂ ਤੋਂ ਲੈ ਕੇ ਘਰੇਲੂ ਕੰਮਕਾਜ ਦੇ ਸੰਦਾਂ ਅਤੇ ਔਰਤਾਂ ਵੱਲੋਂ ਸ਼ਿਲਪਕਾਰੀ ਦੇ ਅਨੇਕ ਨਮੂਨੇ ਰੱਖੇ ਗਏ ਹਨ | ਉਹਨਾਂ ਆਸ ਪ੍ਰਗਟਾਈ ਕਿ ਹੋਰ ਸਰਕਾਰੀ ਅਧਿਕਾਰੀ ਵੀ ਇਸ ਅਜਾਇਬ ਘਰ ਦਾ ਦੌਰਾ ਕਰਨ ਲਈ ਆਉਂਦੇ ਰਹਿਣਗੇ |
ਇਸ ਮੌਕੇ ਲੁਧਿਆਣਾ ਦੇ ਉੱਚ ਪੁਲਿਸ ਅਧਿਕਾਰੀ ਅਤੇ ਪੀ.ਏ.ਯੂ. ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ |
Read Time:3 Minute, 9 Second