ਲੁਧਿਆਣਾ 14 ਫਰਵਰੀ 2023
ਪੰਜਾਬ ਸਰਕਾਰ ਵੱਲੋਂ ਸੋਧੇ ਗਏ ਯੂ ਜੀ ਸੀ ਤਨਖਾਹ ਸਕੇਲਾਂ ਦਾ ਨੋਟੀਫਿਕੇਸ਼ਨ ਹੁਣ ਤਕ ਨਾ ਲਾਗੂ ਕਰਨ ਦੇ ਵਿਰੋਧ ਵਿਚ ਪੀ ਏ ਯੂ ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਅਧਿਆਪਨ, ਪਸਾਰ ਅਤੇ ਖੋਜ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਕੱਲ ਦੋਵਾਂ ਯੂਨੀਵਰਸਿਟੀਆਂ ਦੀਆਂ ਅਧਿਆਪਕ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਜਦੋਂ ਤਕ ਨਵੇਂ ਤਨਖਾਹ ਸਕੇਲ ਲਾਗੂ ਨਹੀਂ ਹੁੰਦੇ ਉਦੋਂ ਤਕ ਉਹ ਕੋਈ ਵੀ ਦਫ਼ਤਰੀ ਕਾਰਜ ਨਹੀਂ ਕਰਨਗੇ। ਹੜਤਾਲ ਦੇ ਕਾਰਣ ਪੀ ਏ ਯੂ ਵਿਖੇ ਖ਼ਰੀਫ ਫ਼ਸਲਾਂ ਸੰਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ 16-17 ਫਰਵਰੀ ਨੂੰ ਹੋਣ ਵਾਲੀ ਕਾਰਜਸ਼ਾਲਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ। ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਦੋਵਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਪੀ ਏ ਯੂ ਦੇ ਥਾਪਰ ਹਾਲ ਸਾਹਮਣੇ ਵੱਡਾ ਇਕੱਠ ਕੀਤਾ ਜਿਥੇ ਯੂਨੀਅਨ ਨੇਤਾਵਾਂ ਡਾ: ਰਵਿੰਦਰ ਸਿੰਘ ਚੰਦੀ, ਡਾ: ਗੁਰਉਪਕਾਰ ਸਿੰਘ, ਡਾ: ਗੁਰਮੀਤ ਸਿੰਘ ਢੇਰੀ, ਡਾ: ਕਮਲਦੀਪ ਸਿੰਘ ਸੰਘਾ, ਡਾ: ਐਚ.ਐਸ. ਕਿੰਗਰਾ, ਡਾ: ਏ.ਪੀ.ਐਸ ਬਰਾੜ, ਡਾ: ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਇਸ ਮੌਕੇ ਸਰਕਾਰੀ ਦੀ ਦੋਵਾਂ ਯੂਨੀਵਰਸਿਟੀਆਂ ਪ੍ਰਤੀ ਉਪਰਾਮਤਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਪੀ ਏ ਯੂ ਨੇ ਖੇਤੀ ਸੰਬੰਧੀ ਹਰ ਸੰਕਟ ਸਮੇਂ ਕਿਸਾਨਾਂ ਦਾ ਸਾਥ ਦਿੱਤਾ। ਪਿਛਲੇ ਸਾਲਾਂ ਵਿਚ ਚਿੱਟੀ ਮੱਖੀ ਦੀ ਰੋਕਥਾਮ ਲਈ ਵਿਗਿਆਨੀਆਂ ਨੇ ਦਿਨ ਰਾਤ ਇੱਕ ਕੀਤਾ ਸੀ। ਪਰ ਉਸਦਾ ਨਤੀਜਾ ਮਾਹਿਰਾਂ ਦੇ ਤਨਖਾਹ ਸਕੇਲ ਰੋਕ ਕੇ ਦਿੱਤਾ ਜਾ ਰਿਹਾ ਹੈ।
ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਕਾਲ, ਲੰਪੀ ਸਕਿਨ ਅਤੇ ਹੋਰ ਮਹਾਂਮਾਰੀਆਂ ਦੇ ਸੰਕਟ ਵਿੱਚ ਜੂਝ ਕੇ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਇਹ ਸਿਲਾ ਦਿੱਤਾ ਜਾ ਰਿਹਾ ਹੈ।