12ਵੀਂ ਮੈਕ ਆਟੋ ਐਕਸਪੋ ਵਿੱਚ 15000 ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ
ਚਾਰ ਦਿਨਾਂ ਪ੍ਰਦਰਸ਼ਨੀ ਵਿੱਚ 12 ਦੇਸ਼ਾਂ ਦੀਆਂ 650 ਤੋਂ ਵੱਧ ਕੰਪਨੀਆਂ ਹਿੱਸਾ ਲੈ ਰਹੀਆਂ ਹਨ
ਲੁਧਿਆਣਾ, 17 ਫਰਵਰੀ : ਲੁਧਿਆਣਾ ਦੇ ਜੀ.ਟੀ.ਰੋਡ, ਸਾਹਨੇਵਾਲ ਸਥਿਤ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਵਿਖੇ 24 ਫਰਵਰੀ ਤੋਂ ਸ਼ੁਰੂ ਹੋ ਰਹੀ ਮੈਕ ਆਟੋ ਐਕਸਪੋ 2023 ਦੇ 12ਵੇਂ ਐਡੀਸ਼ਨ ਵਿੱਚ 15000 ਤੋਂ ਵੱਧ ਉਤਪਾਦ ਅਤੇ 1500 ਤੋਂ ਵੱਧ ਮਸ਼ੀਨਰੀ ਲਾਈਵ ਡਿਸਪਲੇ ‘ਤੇ ਪੇਸ਼ ਕੀਤੀ ਜਾਵੇਗੀ।
ਚਾਰ ਦਿਨਾਂ ਪ੍ਰਦਰਸ਼ਨੀ ਦਾ ਥੀਮ ‘ਸਮਾਰਟ ਨਿਰਮਾਣ ਲਈ ਸਮਾਰਟ ਆਟੋਮੇਸ਼ਨ’ ਹੈ।
ਪ੍ਰੀ-ਲਾਂਚ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਨੇ ਕਿਹਾ ਕਿ 12 ਦੇਸ਼ਾਂ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਕੰਪਨੀਆਂ ਇੱਕ ਪਲੇਟਫਾਰਮ ‘ਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੀਆਂ।
ਉਨ੍ਹਾਂ ਕਿਹਾ ਕਿ 650 ਤੋਂ ਵੱਧ ਕੰਪਨੀਆਂ ਹਨ ਜਿਨ੍ਹਾਂ ਵਿੱਚੋਂ 300 ਤੋਂ ਵੱਧ ਪੰਜਾਬ ਦੀਆਂ ਹਨ ਜਦਕਿ ਬਾਕੀ ਪੈਨ ਇੰਡੀਆ ਅਤੇ ਹੋਰ ਦੇਸ਼ਾਂ ਦੀਆਂ ਹਨ।
ਉਹ ਉਮੀਦ ਕਰਦੇ ਹਨ ਕਿ ਪ੍ਰਦਰਸ਼ਨੀ ਪੂਰੇ ਭਾਰਤ ਤੋਂ 50,000 ਤੋਂ ਵੱਧ ਵਿਜ਼ਿਟਰਾਂ ਨੂੰ ਆਕਰਸ਼ਿਤ ਕਰੇਗੀ ਅਤੇ ਪ੍ਰਦਰਸ਼ਕਾਂ ਨੂੰ ਇਸ ਸਾਲ ਰਿਕਾਰਡ ਕਾਰੋਬਾਰੀ ਕੁਏਰੀਜ ਪ੍ਰਾਪਤ ਹੋਣਗੀਆਂ।
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਉਦਯੋਗ ਨੂੰ ਗੁਣਵੱਤਾ ਵਾਲੇ ਉਤਪਾਦ ਲਿਆਉਣ ਦੀ ਲੋੜ ਹੈ ਜਿਨ੍ਹਾਂ ਦੀ ਨਿਰਮਾਣ ਲਾਗਤ ਵੀ ਘੱਟ ਹੋਣੀ ਚਾਹੀਦੀ ਹੈ। ਇਸ ਦੇ ਲਈ ਉਦਯੋਗ ਨੂੰ ਨਿਰਮਾਣ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ ਅਤੇ ਇਹ ਨਵੀਨਤਮ ਤਕਨਾਲੋਜੀ ਪ੍ਰਾਪਤ ਕਰਕੇ ਸੰਭਵ ਹੈ। ਇਹ ਮੈਕ ਆਟੋ ਐਕਸਪੋ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰੇਗੀ।
ਉਨ੍ਹਾਂ ਦੱਸਿਆ ਕਿ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਬਾਬਵੇ ਦੀ ਅੰਬੈਸੀ, ਕਾਂਗੋ ਦੀ ਅੰਬੈਸੀ, ਨਾਈਜੀਰੀਆ ਦੀ ਅੰਬੈਸੀ, ਲੈਸੋਥੋ ਦੀ ਅੰਬੈਸੀ, ਚਾਡ ਦੀ ਅੰਬੈਸੀ ਅਤੇ ਜਿਬੂਤੀ ਦੀ ਅੰਬੈਸੀ ਸਮੇਤ ਛੇ ਦੂਤਾਵਾਸ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਹੇ ਹਨ।
ਏ.ਪੀ.ਐਮ.ਏ ਦੇ ਪ੍ਰਧਾਨ ਗੁਰਪਰਗਟ ਸਿੰਘ ਕਾਹਲੋਂ ਨੇ ਕਿਹਾ ਕਿ ਮੈਕ ਆਟੋ ਐਕਸਪੋ ਉਦਯੋਗਾਂ ਲਈ ਲਾਹੇਵੰਦ ਹੋਵੇਗੀ, ਭਾਵੇਂ ਉਹ ਸੂਖਮ ਜਾਂ ਛੋਟੇ ਉਦਯੋਗ ਜਾਂ ਫਿਰ ਵੱਡੇ ਪੱਧਰ ਦੇ ਉਦਯੋਗ ਹੋਣ।
ਏਐਲਐਮਟੀਆਈ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਐਕਸਪੋ ਭਾਰਤੀ ਉਦਯੋਗਾਂ ਨੂੰ ਹੁਲਾਰਾ ਦੇਣ ਜਾ ਰਹੀ ਹੈ ਅਤੇ ਨਵੇਂ ਵਿਚਾਰਾਂ ਦਾ ਲਾਂਚ ਪੈਡ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਐਕਸਪੋ ਦਾ ਉਦੇਸ਼ ਉਦਯੋਗਾਂ ਨੂੰ ਇੱਕ ਛੱਤ ਹੇਠ ਨਵੀਨਤਮ ਤਕਨਾਲੋਜੀਆਂ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਹੀ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਉਡਾਨ ਦੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਸੁਰਜੀਤ ਭੱਟਾਚਾਰਜੀ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਸੀਐਨਸੀ ਮਸ਼ੀਨਾਂ, ਲੇਜ਼ਰ ਕਟਿੰਗ ਮਸ਼ੀਨਾਂ, ਕੁਆਲਿਟੀ ਕੰਟਰੋਲ ਐਕਸੈਸਰੀਜ਼, ਰੋਬੋਟਿਕ ਤਕਨੀਕਾਂ, ਇੰਜਨੀਅਰਿੰਗ ਉਪਕਰਨ, ਮਸ਼ੀਨ ਟੂਲ, ਵੈਲਡਿੰਗ ਮਸ਼ੀਨਾਂ ਸਮੇਤ ਨਵੀਨਤਮ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 12ਵੀਂ ਮੈਕ ਆਟੋ ਐਕਸਪੋ ‘ਮਸ਼ੀਨਾਂ ਦਾ ਮਹਾਕੁੰਭ’ ਹੋਵੇਗੀ।
ਕਪਿਲ ਮਨੋਜ, ਵਾਈਸ ਪ੍ਰੈਜ਼ੀਡੈਂਟ, ਉਡਾਨ ਮੀਡੀਆ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਅਤੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।
ਇਹ ਪ੍ਰਦਰਸ਼ਨੀ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਕੀਤੀ ਗਈ ਹੈ ਅਤੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ), ਐਮਐਸਐਮਈ, ਐਨਐਸਆਈਸੀ, ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਵੱਲੋਂ ਸਹਿਯੋਗ ਪ੍ਰਾਪਤ ਹੈ।