ਪੀਏਯੂ ਵਿਖੇ ਪ੍ਰੋਫੈਸਰ ਹਰਗੋਬਿੰਦ ਖੁਰਾਣਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ
ਲੁਧਿਆਣਾ: ਬੀਤੇ ਦਿਨੀਂ ਪੀਏਯੂ ਦੇ ਇੰਟਰਨਲ ਕੁਆਲਿਟੀ ਅਸੋਰੈਂਸ ਸੈਲ ਵੱਲੋਂ ਕੋਲੋਰਾਡੋ ਰਾਜ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਿਰੇਟਸ ਡਾ ਰਜਿੰਦਰ ਸਿੰਘ ਰਾਣੂ ਦੇ ਹਵਾਲੇ ਨਾਲ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਪਲਾਂਟ ਬਰੀਡਿੰਗ ਅਤੇ ਜੈਨੀਟਿਕਸ ਵਿਭਾਗ ਦੇ ਕਮੇਟੀ ਰੂਮ ਵਿੱਚ ਹੋਇਆ ਅਤੇ ਇਸ ਵਿੱਚ ਡਾ ਰਜਿੰਦਰ ਸਿੰਘ ਰਾਣੂ ਨੇ ਉੱਗੇ ਵਿਗਿਆਨੀ ਪ੍ਰੋਫੈਸਰ ਹਰਗੋਬਿੰਦ ਖੁਰਾਣਾ ਦੇ ਜੀਵਨ ਅਤੇ ਕੰਮਾਂ ਬਾਰੇ ਮੁੱਖ ਭਾਸ਼ਣ ਦਿੱਤਾ। ਭਾਸ਼ਣ ਕਰਤਾ ਨੇ ਦੱਸਿਆ ਕਿ ਆਪਣੀ ਲਗਨ ਮਿਹਨਤ ਅਤੇ ਸਮਰਪਣ ਨਾਲ ਡਾਕਟਰ ਹਰਗੋਬਿੰਦ ਖੁਰਾਣਾ ਨੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋ ਕੇ ਨੋਬਲ ਇਨਾਮ ਜੇਤੂ ਬਣਨ ਤੱਕ ਲੰਮਾ ਸਫਰ ਤੈਅ ਕੀਤਾ। ਇਸ ਦੌਰਾਨ ਉਨਾਂ ਨੇ ਡਾ ਹਰਗੋਬਿੰਦ ਖੁਰਾਣਾ ਦੇ ਜੀਵਨ ਨਾਲ ਸੰਬੰਧਿਤ ਦੁਰਲਭ ਤਸਵੀਰਾਂ ਰਾਹੀਂ ਉਹਨਾਂ ਦੀ ਯਾਤਰਾ ਨੂੰ ਬਾਖੂਬੀ ਹਾਜ਼ਰ ਦਰਸ਼ਕਾਂ ਅਤੇ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਉਹਨਾਂ ਦਰਸਾਇਆ ਕਿ ਪ੍ਰੋਫੈਸਰ ਖੁਰਾਣਾ ਉੱਚ ਪੱਧਰ ਦੇ ਵਿਗਿਆਨੀ ਸ਼ਾਨਦਾਰ ਵਿਦਵਾਨ ਅਤੇ ਬਹੁਤ ਗਹਿਰ ਗੰਭੀਰ ਇਨਸਾਨ ਦੇ ਤੌਰ ਤੇ ਆਪਣੇ ਕਾਰਜ ਲਈ ਜਾਣੇ ਗਏ। ਪ੍ਰੋਫੈਸਰ ਰਾਣੂ ਨੇ ਕਿਹਾ ਕਿ ਹਰ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਨੂੰ ਪ੍ਰੋਫੈਸਰ ਖੁਰਾਣਾ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ।
ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਰਹਿ ਕੇ ਇਸ ਭਾਸ਼ਣ ਨੂੰ ਗੰਭੀਰਤਾ ਨਾਲ ਸੁਣਿਆ। ਉਹਨਾਂ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਕਿਹਾ ਕਿ ਅੱਜ ਦਾ ਭਾਸ਼ਣ ਪ੍ਰੋਫੈਸਰ ਹਰਗੋਬਿੰਦ ਖੁਰਾਣਾ ਦੇ ਜੀਵਨ ਨੂੰ ਇੱਕ ਮਾਰਗ ਦਰਸ਼ਕ ਵਾਂਗ ਪੇਸ਼ ਕਰਦਾ ਹੈ। ਉਹਨਾਂ ਯੂਨੀਵਰਸਿਟੀ ਵੱਲੋਂ ਸੰਸਾਰ ਪੱਧਰ ਦੀਆਂ ਮਹਾਨ ਸ਼ਖਸੀਅਤਾਂ ਬਾਰੇ ਅਜਿਹੇ ਹੋਰ ਭਾਸ਼ਣ ਆਯੋਜਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਭਵਿੱਖ ਵਿੱਚ ਅਜਿਹੇ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹਾਜ਼ਰੀਨ ਨੇ ਪ੍ਰੋਫੈਸਰ ਰਾਣੂ ਨਾਲ ਸੰਵਾਦ ਕਰਦਿਆਂ ਕਈ ਸਵਾਲ ਪੁੱਛੇ ਅਤੇ ਆਪਣੀ ਜਗਿਆਸਾ ਦਾ ਹੱਲ ਤਲਾਸ਼ ਕੀਤਾ