ਲੁਧਿਆਣਾ: ਅੱਜ ਆਕਾਸ਼ਵਾਣੀ ਜਲੰਧਰ ਅਤੇ ਲੁਧਿਆਣਾ ਦੇ ਕੇਂਦਰ ਨਿਰਦੇਸ਼ਕ ਸ ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪੀਏਯੂ ਦੇ ਦੌਰੇ ਤੇ ਯੂਨੀਵਰਸਿਟੀ ਪਹੁੰਚੇ ਉਹਨਾਂ ਨੇ ਇਸ ਦੌਰਾਨ ਪੀਏਯੂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵੱਲੋਂ ਖੋਜ ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਨੇੜਿਓਂ ਵਾਚਿਆ। ਸ ਪਰਮਜੀਤ ਸਿੰਘ ਨੇ ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨਾਲ ਵੀ ਗੱਲਬਾਤ ਕੀਤੀ। ਉਹਨਾਂ ਆਪਣੀ ਟਿੱਪਣੀ ਵਿੱਚ ਕਿਹਾ ਕਿ ਪੀਏਯੂ ਦੀ ਖੇਤੀ ਖੋਜ ਅਤੇ ਕਿਸਾਨਾਂ ਦੀ ਬੇਹਤਰੀ ਲਈ ਕੀਤੇ ਕਾਰਜਾਂ ਦਾ ਪਸਾਰ ਕਰਨ ਵਿੱਚ ਹਾਲਾਂਕਿ ਰੇਡੀਓ ਦਾ ਵੱਡਾ ਯੋਗਦਾਨ ਰਿਹਾ ਹੈ, ਪਰ ਇਹ ਗੱਲ ਵੀ ਘੱਟ ਮਹੱਤਵ ਵਾਲੀ ਨਹੀਂ ਕਿ ਰੇਡੀਓ ਨੂੰ ਘਰ-ਘਰ ਪਹੁੰਚਾਉਣ ਅਤੇ ਮਕਬੂਲ ਬਣਾਉਣ ਵਿੱਚ ਯੂਨੀਵਰਸਿਟੀ ਦੇ ਮਾਹਿਰਾਂ ਨੇ ਖੇਤੀ ਸਬੰਧੀ ਨਵੀਆਂ ਖੋਜਾਂ ਨੂੰ ਸਮੇਂ-ਸਮੇਂ ਤੇ ਰੇਡੀਓ ਤੋਂ ਪ੍ਰਸਾਰਿਤ ਕੀਤਾ। ਉਹਨਾਂ ਕਿਹਾ ਕਿ ਰੇਡੀਓ ਅਤੇ ਖੇਤੀਬਾੜੀ ਸਿੱਖਿਆ ਤੇ ਵਿਗਿਆਨ ਦੋਵੇਂ ਇੱਕ ਦੂਜੇ ਦੇ ਪੂਰਕ ਦੇ ਤੌਰ ਤੇ ਪੰਜਾਬੀ ਸਮਾਜ ਦਾ ਹਿੱਸਾ ਬਣੇ ਹਨ। ਸ ਪਰਮਜੀਤ ਸਿੰਘ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਪੀਏਯੂ ਵੱਲੋਂ ਕੀਤੀਆਂ ਜਾਣ ਵਾਲੀਆਂ ਨਵੀਆਂ ਖੋਜਾਂ ਅਤੇ ਸਮੇਂ-ਸਮੇਂ ਤੇ ਖੇਤੀ ਮਸਲਿਆਂ ਬਾਰੇ ਵਾਰਤਾਵਾਂ ਰੇਡੀਓ ਤੋਂ ਨਿਰੰਤਰ ਪ੍ਰਸਾਰਿਤ ਹੋ ਕੇ ਆਮ ਜਨਤਾ ਤੱਕ ਪਹੁੰਚਦੀਆਂ ਰਹਿਣਗੀਆਂ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸ ਪਰਮਜੀਤ ਸਿੰਘ ਨੂੰ ਨਿੱਘੀ ਜੀ ਆਇਆ ਆਖਦਿਆਂ ਕਿਹਾ ਕਿ ਆਕਾਸ਼ਵਾਣੀ ਨੇ ਪੰਜਾਬ ਦੇ ਕਿਸਾਨਾਂ ਤੱਕ ਖੇਤੀ ਖੋਜਾਂ, ਨਵੀਆਂ ਕਿਸਮਾਂ ਅਤੇ ਹੋਰ ਵਿਗਿਆਨਿਕ ਜਾਣਕਾਰੀ ਪਹੁੰਚਾਉਣ ਲਈ ਇਤਿਹਾਸਿਕ ਕਾਰਜ ਕੀਤਾ ਹੈ। ਉਹਨਾਂ ਯਾਦ ਦਿਵਾਇਆ ਕਿ ਦਿਹਾਤੀ ਪ੍ਰੋਗਰਾਮ ਨੂੰ ਸ਼ਾਮ ਸਮੇਂ ਪਰਿਵਾਰਾਂ ਸਮੇਤ ਸੁਣਨ ਦੀ ਰਵਾਇਤ ਪੰਜਾਬੀ ਸਮਾਜ ਵਿੱਚ ਰਹੀ ਹੈ। ਡਾ ਗੋਸਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਰੇਡੀਓ ਦੇ ਸਰੋਤਿਆਂ ਅਤੇ ਇਸਦੀ ਮਕਬੂਲੀਅਤ ਵਧਣ ਦੀ ਆਸ ਹੈ ਅਤੇ ਪੀਏਯੂ ਦੇ ਮਾਹਿਰ ਨਿਰੰਤਰ ਤੌਰ ਤੇ ਆਪਣੀਆਂ ਪਸਾਰ ਗਤੀਵਿਧੀਆਂ ਵਿੱਚ ਰੇਡੀਓ ਨੂੰ ਅਹਿਮ ਮਾਧਿਅਮ ਵਜੋਂ ਸ਼ਾਮਿਲ ਰੱਖਣਗੇ।
ਅਪਰ ਨਿਰਦੇਸ਼ਕ ਸੰਚਾਰ ਦਾ ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਸ ਪਰਮਜੀਤ ਸਿੰਘ ਦੀ ਜਾਣ ਪਛਾਣ ਕਰਵਾਈ। ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਹੋਰਾਂ ਨੇ ਆਪਣੇ ਕਾਰਜਕਾਲ ਦੌਰਾਨ ਖੇਤੀ ਨਾਲ ਸੰਬੰਧਿਤ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਜਲੰਧਰ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਵਿੱਚ ਪੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ।
ਅੰਤ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਵੀ ਰੇਡੀਓ ਦੇ ਸਹਿਯੋਗੀ ਨਿਰਦੇਸ਼ਕ ਡਾ ਅਨਿਲ ਸ਼ਰਮਾ ਵੀ ਮੌਜੂਦ ਸਨ।