ਪੀ.ਏ.ਯੂ. ਵਿਚ ਪੱਤਰਕਾਰੀ ਦੇ ਸਾਬਕਾ ਵਿਦਿਆਰਥੀ ਅਤੇ ਨਾਮਵਰ ਪੱਤਰਕਾਰ ਇਕੱਤਰ ਹੋਏ
ਲੁਧਿਆਣਾ 18 ਫਰਵਰੀ, 2025
ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਅੱਜ ਖੇਤੀ ਪੱਤਰਕਾਰੀ, ਭਾਸ਼ਾਵਾ ਅਤੇ ਸੱਭਿਆਚਾਰ ਵਿਭਾਗ ਅਤੇ ਸੰਚਾਰ ਕੇਂਦਰ ਵੱਲੋਂ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਅਤੇ ਨਾਮਵਰ ਪੱਤਰਕਾਰਾਂ ਦੀ ਵਿਚਾਰ-ਚਰਚਾਮਈ ਇਕੱਤਰਤਾ ਹੋਈ|
ਇਸ ਸਮਾਰੋਹ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਸਮਾਰੋਹ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਪੱਤਰਕਾਰ ਸ੍ਰੀ ਰਮੇਸ਼ ਵਿਨਾਇਕ, ਡਾਇਮਜ਼ ਆਫ ਇੰਡੀਆ ਦੇ ਸਾਬਕਾ ਸੰਪਾਦਕ ਮਿਸ. ਰਮਿੰਦਰ ਭਾਟੀਆ ਅਤੇ ਕੈਨੇਡਾ ਦੇ ਜਾਣੇ-ਪਛਾਣੇ ਪੱਤਰਕਾਰ ਡਾ. ਬਲਵਿੰਦਰ ਸਿੰਘ ਦੇ ਨਾਲ ਵਿਭਾਗ ਦੇ ਸਾਬਕਾ ਮੁਖੀ ਡਾ. ਅਮਰਜੀਤ ਸਿੰਘ ਮੌਜੂਦ ਸਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰਧਾਨਗੀ ਟਿੱਪਣੀ ਵਿਚ ਇਸ ਸਮਾਰੋਹ ਦੇ ਆਯੋਜਨ ਨੂੰ ਇਕ ਸ਼ੁਭ ਸੰਕੇਤ ਕਿਹਾ| ਉਹਨਾਂ ਕਿਹਾ ਕਿ ਖੇਤੀ ਨਾਲ ਸੰਬੰਧਿਤ ਸੂਚਨਾਵਾਂ ਲੋੜਵੰਦ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਪੱਤਰਕਾਰੀ ਵਿਭਾਗ ਦਾ ਗਠਨ ਕੀਤਾ ਗਿਆ ਸੀ| ਇਸ ਵਿਭਾਗ ਨੇ ਖੇਤੀ ਸੂਚਨਾ ਨੂੰ ਪੱਤਰਕਾਰੀ ਦੇ ਨਿੱਖੜਵੇਂ ਅਨੁਸ਼ਾਸਨ ਵਜੋਂ ਉਸਾਰ ਕੇ ਹਰੀ ਕ੍ਰਾਂਤੀ ਦੀ ਆਮਦ ਵਿਚ ਅਹਿਮ ਭੂਮਿਕਾ ਨਿਭਾਈ ਹੈ| ਨਾਲ ਹੀ ਇਸ ਵਿਭਾਗ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਪੈਦਾ ਕੀਤੇ ਅਹਿਮ ਹਸਤਾਖਰਾਂ ਵੱਲ ਸੰਕੇਤ ਕਰਦਿਆਂ ਡਾ. ਗੋਸਲ ਨੇ ਬਦਲਦੇ ਯੁੱਗ ਦੀਆਂ ਲੋੜਾਂ ਮੁਤਾਬਕ ਪੱਤਰਕਾਰੀ ਨੂੰ ਲਗਾਤਾਰ ਵਿਕਾਸ ਕਰਦਾ ਵਿਸ਼ਾ ਆਖਿਆ| ਉਹਨਾਂ ਕਿਹਾ ਕਿ ਇਹ ਕਿੱਤਾ ਨੈਤਿਕ ਜੀਵਨ ਮੁੱਲਾਂ ਉੱਪਰ ਖੜਾ ਹੈ ਅਤੇ ਏ ਆਈ ਦੇ ਦੌਰ ਵਿਚ ਇਸ ਕਿੱਤੇ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਮੌਜੂਦਾ ਸਮਿਆਂ ਵਿਚ ਖੇਤੀ ਨਾਲ ਸੰਬੰਧਿਤ ਸੂਚਨਾਵਾਂ ਅਤੇ ਸਿਫ਼ਾਰਸ਼ਾਂ ਨੂੰ ਦੂਰ-ਦਰਾਜ ਦੇ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਹੰਭਲਾ ਮਾਰਿਆ ਹੈ| ਇਸ ਕਾਰਜ ਵਾਸਤੇ ਯੂਨੀਵਰਸਿਟੀ ਨੇ ਸਾਰੇ ਸ਼ੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਢੁੱਕਵੇਂ ਤਰੀਕੇ ਨਾਲ ਕਰਨ ਦਾ ਮਾਹੌਲ ਬਣਾਇਆ| ਅੱਜ ਸ਼ੋਸ਼ਲ ਮੀਡੀਆ ਦੇ ਬਹੁਤੇ ਸਾਧਨਾਂ ਰਾਹੀਂ ਕਿਸਾਨਾਂ ਨੂੰ ਖੇਤੀ ਜਾਣਕਾਰੀ ਉਪਲੱਬਧ ਕਰਾਈ ਜਾ ਰਹੀ ਹੈ| ਡਾ. ਗੋਸਲ ਨੇ ਭਵਿੱਖ ਵਿਚ ਇਸ ਤੰਤਰ ਦੀ ਮਜ਼ਬੂਤੀ ਲਈ ਸਾਬਕਾ ਵਿਦਿਆਰਥੀਆਂ ਨੂੰ ਲਗਾਤਾਰ ਵਿਭਾਗ ਅਤੇ ਯੂਨੀਵਰਸਿਟੀ ਨਾਲ ਜੁੜੇ ਰਹਿਣ ਅਤੇ ਸੁਝਾਅ ਦੇਣ ਦੀ ਅਪੀਲ ਕੀਤੀ|
ਸ਼੍ਰੀ ਰਮੇਸ਼ ਵਿਨਾਇਕ ਨੇ ਆਪਣੇ ਮੁਖ ਭਾਸ਼ਣ ਵਿਚ ਪੀ.ਏ.ਯੂ. ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ| ਉਹਨਾਂ ਕਿਹਾ ਕਿ ਪੱਤਰਕਾਰੀ ਇਕ ਪਾਵਨ ਕਿੱਤਾ ਹੈ ਅਤੇ ਪੀ.ਏ.ਯੂ. ਨੇ ਇਸਨੂੰ ਬਕਾਇਦਾ ਸਿੱਖਿਆ ਦੇ ਨਾਲ ਜੋੜ ਨੇ ਇਸ ਕਿੱਤੇ ਦੀ ਕਲਾਤਮਕਤਾ ਅਤੇ ਊਰਜਾ ਨੂੰ ਨਵੀਂ ਦਿਸ਼ਾ ਦਿੱਤੀ| ਸ਼੍ਰੀ ਵਿਨਾਇਕ ਨੇ ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ| ਉਹਨਾਂ ਕਿਹਾ ਕਿ ਨਵੇਂ ਮੀਡੀਆ ਰੁਝਾਨ ਅਤੇ ਸ਼ੋਸ਼ਲ ਮੀਡੀਆ ਦੀ ਆਮਦ ਨਾਲ ਸੂਚਨਾ ਅਤੇ ਸੱਚ ਭੁਲਾਂਦਰੇ ਦਾ ਸ਼ਿਕਾਰ ਹੋਈ ਹੈ| ਨਾਲ ਹੀ ਨਵੇਂ ਯੁੱਗ ਵਿਚ ਮੀਡੀਆ ਦੀ ਭੂਮਿਕਾ ਪਹਿਲਾਂ ਨਾਲੋਂ ਵਧੀ ਹੈ| ਪੱਤਰਕਾਰੀ ਨੂੰ ਸਮਾਜ ਦੀ ਸੇਵਾ ਲਈ ਵਚਨਬੱਧ ਰਹਿਣ ਵਾਸਤੇ ਅਪੀਲ ਕਰਦਿਆਂ ਸ਼੍ਰੀ ਵਿਨਾਇਕ ਨੇ ਸੰਸਥਾਵਾਂ ਅਤੇ ਪੁਰਾਣੇ ਵਿਦਿਆਰਥੀਆਂ ਦੀ ਸਾਂਝਦਾਰੀ ਅਤੇ ਰਿਸ਼ਤੇ ਦੀ ਮਜ਼ਬੂਤੀ ਉੱਪਰ ਚਾਨਣਾ ਪਾਇਆ|
ਕੈਨੇਡਾ ਵਿਖੇ ਪੱਤਰਕਾਰੀ ਦੇ ਉੱਘੇ ਨਾਂ ਡਾ. ਬਲਵਿੰਦਰ ਸਿੰਘ ਨੇ ਕੌਮਾਂਤਰੀ ਪੱਧਰ ਤੇ ਮੀਡੀਆ ਦੀ ਅਜੋਕੀ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ| ਉਹਨਾਂ ਕਿਹਾ ਕਿ ਪੱਤਰਕਾਰੀ ਦਾ ਇਕ ਵਰਗ ਮੌਜੂਦਾ ਸਮੇਂ ਵਿਚ ਸੱਤਾ ਅਤੇ ਸਥਾਪਤੀ ਨਾਲ ਜੁੜ ਕੇ ਆਪਣੀ ਮੁਕਤੀ ਤਲਾਸ਼ ਰਿਹਾ ਹੈ| ਇਸ ਸੰਬੰਧ ਵਿਚ ਉਹਨਾਂ ਨੇ ਤਾਜ਼ਾ ਘਟਨਾਕ੍ਰਮ ਦਾ ਜ਼ਿਕਰ ਕੀਤਾ| ਨਾਲ ਹੀ ਡਾ. ਬਲਵਿੰਦਰ ਸਿੰਘ ਨੇ ਮੀਡੀਆ ਨਾਲ ਜੁੜੇ ਸਦਾਚਾਰਕ ਪੱਖਾਂ ਦੀ ਮਜ਼ਬੂਤੀ ਲਈ ਅਧਿਆਪਕਾਂ ਦੇ ਯੋਗਦਾਨ ਨੂੰ ਦ੍ਰਿੜ ਕੀਤਾ|
ਟਾਈਮਜ਼ ਆਫ ਇੰਡੀਆ ਦੇ ਸਾਬਕਾ ਸੰਪਾਦਕ ਸ਼੍ਰੀਮਤੀ ਰਮਿੰਦਰ ਭਾਟੀਆ ਨੇ ਬਦਲਦੇ ਯੁੱਗ ਨੂੰ ਸੂਚਨਾਵਾਂ ਦੇ ਘੜਮੱਸ ਦਾ ਸਮਾਂ ਆਖਿਆ ਅਤੇ ਨਾਲ ਹੀ ਬਦਲਦੇ ਮੀਡੀਆ ਪ੍ਰਸੰਗਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਸਾਰਥਕ ਅਤੇ ਸਹੀ ਸੂਚਨਾਵਾਂ ਦੀ ਤਲਾਸ਼ ਲਈ ਸ਼ੋਸ਼ਲ ਮੀਡੀਆ ਬਿਹਤਰ ਬਦਲ ਹੋ ਸਕਦਾ ਹੈ ਪਰ ਇਸਨੂੰ ਵੀ ਕਿਸੇ ਅੰਕੁਸ਼ ਤੋਂ ਮੁਕਤ ਰੱਖਣ ਦੀ ਲੋੜ ਹੈ| ਨਾਲ ਹੀ ਇਸ ਮਾਧਿਅਮ ਦੀ ਵਰਤੋਂ ਲਈ ਲੋੜੀਂਦੀ ਸੂਝ ਪੈਦਾ ਕਰਨੀ ਸਮਾਜਕ ਤੌਰ ਤੇ ਸੰਸਥਾਵਾਂ ਅਤੇ ਅਧਿਆਪਕਾਂ ਦੇ ਹੱਥ ਵਿਚ ਹੈ|
ਪੱਤਰਕਾਰੀ ਵਿਭਾਗ ਦੇ ਸਾਬਕਾ ਮੁਖੀ ਡਾ. ਅਮਰਜੀਤ ਸਿੰਘ ਨੇ ਇਸ ਵਿਭਾਗ ਦੀ ਸਥਾਪਨਾ ਤੋਂ ਲੈ ਕੇ ਵਿਕਾਸ ਦੇ ਅਹਿਮ ਪੜਾਵਾਂ ਸੰਬੰਧੀ ਗੱਲ ਕੀਤੀ| ਉਹਨਾਂ ਕਿਹਾ ਕਿ ਭਾਸ਼ਾਵਾਂ ਦੇ ਵਿਕਾਸ ਦੇ ਖੇਤਰ ਵਿਚ ਇਸ ਵਿਭਾਗ ਨੇ ਕਿਸੇ ਵੀ ਹੋਰ ਸੰਸਥਾ ਦੇ ਭਾਸ਼ਾਈ ਵਿਭਾਗ ਨਾਲੋਂ ਵੱਧ ਕੰਮ ਕਰਕੇ ਦਿਖਾਇਆ ਹੈ|
ਬੇਸਿਕ ਸਾਇੰਸਜ਼ ਕਾਲਜ ਦੇ ਕਾਰਜਕਾਰੀ ਡੀਨ ਡਾ. ਕਿਰਨ ਬੈਂਸ ਨੇ ਸਭ ਦਾ ਸਵਾਗਤ ਕਰਦਿਆਂ ਇਸ ਸੈਮੀਨਾਰ ਦੀ ਸਾਰਥਕਤਾ ਉਭਾਰੀ| ਨਾਲ ਹੀ ਉਹਨਾਂ ਨੇ ਪੱਤਰਕਾਰੀ ਵਿਭਾਗ ਵੱਲੋਂ ਕੀਤੇ ਜਾ ਕਾਰਜਾਂ ਦੀ ਸ਼ਲਾਘਾ ਕੀਤੀ|
ਅੰਤ ਵਿਚ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਹੇ| ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਸ਼ੀਤਲ ਥਾਪਰ ਨੇ ਵਿਭਾਗ ਦੇ ਸੰਖੇਪ ਇਤਿਹਾਸ ਸੰਬੰਧੀ ਚਾਨਣਾ ਪਾਉਂਦਿਆਂ ਕੀਤੀਆਂ ਪ੍ਰਾਪਤੀਆਂ ਦਾ ਹਵਾਲਾ ਦਿੱਤਾ| ਸਮਾਰੋਹ ਦਾ ਸੰਚਾਲਨ ਡਾ. ਸੁਮੇਧਾ ਭੰਡਾਰੀ ਨੇ ਕੀਤਾ|
ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਹਸਤੀਆਂ ਅਤੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ| ਸਮਾਰੋਹ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਭਾਰੀ ਗਿਣਤੀ ਵਿਚ ਮੌਜੂਦ ਸਨ|