
ਲੁਧਿਆਣਾ: ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚ ਐੱਮ ਐੱਸ ਸੀ ਦੇ ਵਿਦਿਆਰਥੀ ਸ਼੍ਰੀ ਤਰੁਨ ਕਪੂਰ ਨੇ ਬੀਤੇ ਦਿਨੀਂ ਨੈਸ਼ਨਲ ਅਕਾਦਮੀ ਆਫ ਐਗਰੀਕਲਚਰਲ ਸਾਇੰਸਜ਼ (ਨਾਸ) ਵੱਲੋਂ ਆਯੋਜਿਤ ਰਾਸ਼ਟਰੀ ਭਾਸ਼ਣ ਅਤੇ ਪੇਸ਼ਕਾਰੀ ਮੁਕਾਬਲੇ ਵਿਚ ਜੇਤੂ ਹੋਣ ਦਾ ਮਾਣ ਹਾਸਲ ਕੀਤਾ| ਡਾ. ਅਚਲਾ ਸ਼ਰਮਾ ਦੀ ਅਗਵਾਈ ਵਿਚ ਵਿਦਿਆਰਥੀ ਨੇ ਇਹ ਮੁਕਾਬਲਾ ਉਤਰਾਖੰਡ ਦੀ ਜੀ ਬੀ ਪੰਤ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਬੀਤੇ ਦਿਨੀਂ ਹੋਈ 27ਵੀਂ ਖੇਤੀ ਵਿਗਿਆਨ ਕਾਂਗਰਸ ਦੌਰਾਨ ਜਿੱਤਿਆ| ਇਸ ਜਿੱਤ ਨਾਲ ਵਿਦਿਆਰਥੀ ਨੂੰ 30 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਪੇਸ਼ਕਾਰੀ ਦਾ ਥੀਮ ਵਿਕਸਿਤ ਭਾਰਤ ਵਿਚ ਖੇਤੀ ਖੇਤਰ ਦੀਆਂ ਅਗਾਂਹਵਧੂ ਤਕਨਾਲੋਜੀਆਂ ਅਤੇ ਵਿਗਿਆਨ ਸੀ| ਮੁਕਾਬਲੇ ਨੂੰ ਯੂਨੀਵਰਸਿਟੀ, ਖੇਤਰੀ ਅਤੇ ਰਾਸ਼ਟਰੀ ਪੱਧਰਾਂ ਦੀਆਂ ਪ੍ਰਾਪਤੀਆਂ ਦੇ ਅਧਾਰ ਤੇ ਆਯੋਜਿਤ ਕੀਤਾ ਗਿਆ ਸੀ| ਸ਼੍ਰੀ ਤਰੁਨ ਕਪੂਰ ਨੇ ਸਾਰੇ ਮੁਕਾਬਲਿਆਂ ਵਿਚ ਆਪਣੀ ਬਿਹਤਰੀਨ ਭਾਸ਼ਣ ਕਲਾ ਦਾ ਨਮੂਨਾ ਪੇਸ਼ ਕਰਦਿਆਂ ਜਿੱਤ ਹਾਸਲ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਡਾ. ਰੁਪਿੰਦਰ ਤੂਰ ਨੇ ਸ਼੍ਰੀ ਤਰੁਨ ਕਪੂਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|