
ਲੁਧਿਆਣਾ, 17 ਮਾਰਚ: ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਨਰਮੇ ਦੇ ਕੀੜਿਆਂ ਦੀ ਰੋਕਥਾਮ ਲਈ ਮੌਲੀਕਿਊਲਰ ਵਿਧੀਆਂ ਦੀ ਵਰਤੋਂ ਸੰਬੰਧੀ ਦੋ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ| ਇਹ ਵਰਕਸ਼ਾਪ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਨਵੀਂ ਦਿੱਲੀ ਵੱਲੋਂ ਵਿਗਿਆਨਕ ਸਮਾਜ ਜ਼ਿੰਮੇਵਾਰੀ ਯੋਜਨਾ ਤਹਿਤ ਆਯੋਜਿਤ ਕੀਤੀ ਗਈ| ਇਸਦੇ ਸੰਯੋਜਕ ਡਾ. ਵਿਕਾਸ ਜਿੰਦਲ ਅਤੇ ਡਾ. ਵਿਜੇ ਕੁਮਾਰ ਸਨ| ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਤੋਂ ਮੌਲੀਕਿਊਲਰ ਵਿਗਿਆਨ ਦੀਆਂ ਨਵੀਨ ਤਕਨੀਕਾਂ ਨਾਲ ਸੰਬੰਧਿਤ ਮਾਹਿਰ ਸ਼ਾਮਿਲ ਹੋਏ ਅਤੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 25 ਦੇ ਕਰੀਬ ਵਿਗਿਆਨੀਆਂ ਨੇ ਇਸ ਵਰਕਸ਼ਾਪ ਵਿਚ ਹਿੱਸਾ ਲਿਆ| ਵਰਕਸ਼ਾਪ ਵਿਚ ਭਾਸ਼ਣਾ ਅਤੇ ਪੇਸ਼ਕਾਰੀਆਂ ਰਾਹੀਂ ਨਰਮੇ ਦੇ ਕੀੜਿਆਂ-ਮਕੌੜਿਆਂ ਦੀ ਰੋਕਥਾਮ ਦੀਆਂ ਵਿਧੀਆਂ ਸੁਝਾਈਆਂ ਗਈਆਂ| ਵਿਹਾਰਕ ਸਿਖਲਾਈ ਵਿਚ ਡੀ ਐੱਨ ਏ ਬਾਰਕੋਡਿੰਗ ਅਤੇ ਜੀਨ ਕਲੋਨਿੰਗ ਵਰਗੀਆਂ ਵਿਕਸਿਤ ਤਕਨੀਕਾਂ ਬਾਰੇ ਦੱਸਿਆ ਗਿਆ|
ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਨਰਮੇ ਦੀ ਉਪਜ ਅਤੇ ਕਾਸ਼ਤ ਵਧਾਉਣ ਲਈ ਕੀੜੇ-ਮਕੌੜਿਆਂ ਦੀ ਰੋਕਥਾਮ ਨੂੰ ਲਾਜ਼ਮੀ ਕਰਾਰ ਦਿੱਤਾ| ਉਹਨਾਂ ਕਿਹਾ ਕਿ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਨਵੀਆਂ ਵਿਗਿਆਨਕ ਵਿਧੀਆਂ ਵਾਤਾਵਰਨ ਦੀ ਸੰਭਾਲ ਪੱਖੋਂ ਬੇਹੱਦ ਕਾਰਗਾਰ ਸਾਬਤ ਹੋ ਰਹੀਆਂ ਹਨ ਅਤੇ ਇਹ ਵਰਕਸ਼ਾਪ ਇਸ ਪੱਖ ਤੋਂ ਨਵੀਂ ਖੋਜ ਸਾਹਮਣੇ ਲਿਆਉਣ ਦਾ ਉੱਦਮ ਸਾਬਿਤ ਹੋਵੇਗੀ|
ਡਾ. ਮਨਮੀਤ ਬਰਾੜ ਭੁੱਲਰ ਨੇ ਕਿਹਾ ਕਿ ਨੌਜਵਾਨ ਵਿਗਿਆਨੀਆਂ ਦੀ ਪੀੜੀ ਨੂੰ ਇਸ ਮਸਲੇ ਸੰਬੰਧੀ ਸਿਖਿਅਤ ਕਰਨ ਲਈ ਇਸ ਵਰਕਸ਼ਾਪ ਵਿਚ ਬੇਹੱਦ ਅਹਿਮ ਨੁਕਤੇ ਵਿਚਾਰੇ ਗਏ| ਉਹਨਾਂ ਨੇ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਗਿਆਨੀਆਂ ਦਾ ਧੰਨਵਾਦ ਵੀ ਕੀਤਾ|