
ਲੁਧਿਆਣਾ 17 ਮਾਰਚ: ਪੀ.ਏ.ਯੂ. ਵਿਚ ਮੁੱਖ ਫਸਲ ਵਿਗਿਆਨੀ ਅਤੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੂੰ ਬੀਤੇ ਦਿਨੀਂ ਮੋਦੀਪੁਰਮ ਮੇਰਠ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਗਿਆ| ਇਹ ਪਹਿਲੀ ਕਾਨਫਰੰਸ ਖੇਤੀ ਪ੍ਰਬੰਧਾਂ ਬਾਰੇ ਸੀ ਅਤੇ ਇਸਦਾ ਸਿਰਲੇਖ ਵਿਸ਼ਵੀ ਪੌਣ ਪਾਣੀ ਤਬਦੀਲੀ ਦੇ ਸੰਦਰਭ ਵਿਚ ਭੋਜਨ, ਜ਼ਮੀਨ ਅਤੇ ਪਾਣੀ ਦੀ ਪ੍ਰਬੰਧਾਂ ਦੀ ਤਬਦੀਲੀ ਸੀ|
ਡਾ. ਵਾਲੀਆ ਨੂੰ ਸੰਯੁਕਤ ਖੇਤੀ ਪ੍ਰਣਾਲੀ, ਜੈਵਿਕ ਖੇਤੀ ਅਤੇ ਸਥਿਰ ਪੋਸ਼ਣ ਪ੍ਰਬੰਧ ਦੇ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਇਹ ਮੈਡਲ ਪ੍ਰਦਾਨ ਕੀਤਾ ਗਿਆ| ਉਹਨਾਂ ਨੇ ਬੀਤੇ ਸਾਲਾਂ ਵਿਚ ਕੁਦਰਤੀ ਸਰੋਤਾਂ ਦੇ ਸਹਾਇਕ ਫਸਲੀ ਚੱਕਰਾਂ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ| ਇਸ ਤੋਂ ਇਲਾਵਾ ਪੋਸ਼ਣ ਅਤੇ ਖੇਤੀ ਤਰੀਕਿਆਂ ਦੀ ਸਥਿਰਤਾ ਲਈ ਵੀ ਉਹਨਾਂ ਦਾ ਯੋਗਦਾਨ ਪੇਸ਼ ਪੇਸ਼ ਰਿਹਾ ਹੈ| ਉਹਨਾਂ ਦੀ ਖੋਜ ਸਦਕ ਵਾਤਾਵਰਨ ਸਹਾਈ ਪ੍ਰਣਾਲੀ ਸੰਯੁਕਤ ਖੇਤੀ ਪ੍ਰਬੰਧ ਮਾਡਲ ਸਾਹਮਣੇ ਆਇਆ ਜਿਸ ਨੂੰ ਵਿਆਪਕ ਪ੍ਰਵਾਨਗੀ ਮਿਲੀ|
ਇਸਦੇ ਨਾਲ ਹੀ ਡਾ. ਵਾਲੀਆ ਨੇ ਅਕਾਦਮਿਕ ਖੇਤਰ ਵਿਚ 200 ਦੇ ਕਰੀਬ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ, 175 ਪਸਾਰ ਪ੍ਰਕਾਸ਼ਨਾਵਾਂ, 192 ਕਾਨਫਰੰਸ ਪੇਪਰ, 16 ਕਿਤਾਬਾਂ, 31 ਕਿਤਾਬਾਂ ਦੇ ਅਧਿਆਇ ਅਤੇ 11 ਅਧਿਆਪਨ ਮੈਨੂਅਲ ਦਿੱਤੇ| ਉਹਨਾਂ ਨੇ 24 ਮੁੱਖ ਖੋਜ ਪ੍ਰੋਜੈਕਟਾਂ ਨੂੰ ਨੇਪਰੇ ਚਾੜਿਆ ਅਤੇ ਉਹ 5 ਖੋਜ ਪ੍ਰੋਜੈਕਟਾਂ ਦਾ ਮੌਜੂਦਾ ਸਮੇਂ ਹਿੱਸਾ ਹਨ| ਉਹਨਾਂ ਦੀਆਂ ਵੱਖ-ਵੱਖ ਸਿਫ਼ਾਰਸ਼ਾਂ ਨੂੰ ਪੰਜਾਬ ਦੇ ਕਿਸਾਨਾਂ ਨੇ ਪ੍ਰਵਾਨਿਆ ਅਤੇ ਲਾਗੂ ਕੀਤਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਪ੍ਰਾਪਤੀ ਲਈ ਡਾ. ਵਾਲੀਆ ਨੂੰ ਦਿਲੀ ਵਧਾਈ ਦਿੱਤੀ|