
ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਫਾਰ ਦਾ ਐਡਵਾਂਸਮੈਂਟ ਆਫ਼ ਐਗਰੀਕਲਚਰਲ ਸਾਇੰਸਿਜ਼ ਅਕਾਦਮਿਕ ਉੱਤਮਤਾ ਨੂੰ ਬੜ੍ਹਾਵਾ ਦੇਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ। ਫਾਊਂਡੇਸ਼ਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦੇ ਅੱਠ ਸਬੰਧਿਤ ਕਾਲਜਾਂ ਵਿੱਚ ਪੇਂਡੂ ਖੇਤਰ ਨਾਲ ਸਬੰਧਿਤ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਫਾਊਂਡੇਸ਼ਨ ਪੀਏਯੂ ਮਾਡਲ ਹਾਈ ਸਕੂਲ, ਕਾਉਂਣੀ ਦੇ ਉੱਚ ਪ੍ਰਦਰਸ਼ਨ ਵਾਲੇ ਵਿਦਿਆਰਥੀ ਨੂੰ ਮੈਰਿਟ ਸਕਾਲਰਸ਼ਿਪ ਵੀ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਹ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਗਿਆਨਕ ਕਾਨਫਰੰਸਾਂ ਵਿੱਚ ਹਿੱਸਾ ਲੈਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਫਾਊਂਡੇਸ਼ਨ ਇੱਕ ਉੱਘੇ ਵਿਗਿਆਨੀ ਦੇ ਗੈਸਟ ਲੈਕਚਰ ਦਾ ਆਯੋਜਨ ਵੀ ਕਰਦੀ ਹੈ।
ਅੱਜ ਤੱਕ, ਫਾਊਂਡੇਸ਼ਨ ਨੇ 656 ਸਕਾਲਰਸ਼ਿਪ, 116 ਯਾਤਰਾ ਗ੍ਰਾਂਟਾਂ ਪ੍ਰਦਾਨ ਕੀਤੀਆਂ ਹਨ, ਅਤੇ ਉੱਘੇ ਵਿਗਿਆਨੀਆਂ ਦੁਆਰਾ ਛੇ ਵਿਸ਼ੇਸ਼ ਮਹਿਮਾਨ ਲੈਕਚਰਾਂ ਦਾ ਆਯੋਜਨ ਕੀਤਾ ਹੈ। ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਫਾਊਂਡੇਸ਼ਨ 19 ਮਾਰਚ, 2025 ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਾਲਾਨਾ ਪੁਰਸਕਾਰ ਸਮਾਰੋਹ-2025 ਦਾ ਆਯੋਜਨ ਕਰੇਗੀ, ਜਿੱਥੇ 66 ਸਕਾਲਰਸ਼ਿਪ ਅਤੇ 46 ਯਾਤਰਾ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਸਮਾਗਮ ਦੀ ਦੌਰਾਨ ਖੇਤੀਬਾੜੀ ਵਿੱਚ ਸਾਲ 2025 ਲਈ ਡਾ. ਦਰਸ਼ਨ ਸਿੰਘ ਬਰਾੜ ਪੁਰਸਕਾਰ ਅਤੇ ਡਾ. ਦਰਸ਼ਨ ਸਿੰਘ ਬਰਾੜ ਯੰਗ ਸਾਇੰਟਿਸਟ ਪੁਰਸਕਾਰ ਪ੍ਰਦਾਨ ਕਰੇਗੀ। ਖੇਤੀਬਾੜੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਵੱਕਾਰੀ ਸਨਮਾਨ, ਡਾ. ਦਰਸ਼ਨ ਸਿੰਘ ਬਰਾੜ ਪੁਰਸਕਾਰ, ਆਈਸੀਏਆਰ-ਆਈਏਆਰਆਈ ਦੇ ਜੈਨੇਟਿਕਸ ਡਵੀਜ਼ਨ ਦੇ ਸਾਬਕਾ ਮੁਖੀ ਡਾ. ਵੀ.ਪੀ. ਸਿੰਘ ਅਤੇ ਆਈਸੀਏਆਰ-ਆਈਏਆਰਆਈ ਦੇ ਸਾਬਕਾ ਡਾਇਰੈਕਟਰ ਡਾ. ਏ.ਕੇ. ਸਿੰਘ ਨੂੰ ਬਾਸਮਤੀ ਚੌਲਾਂ ਦੀਆਂ ਉੱਤਮ ਕਿਸਮਾਂ ਵਿਕਸਤ ਕਰਨ ਵਿੱਚ ਉਨ੍ਹਾਂ ਦੇ ਬੇਮਿਸਾਲ ਕੰਮ ਲਈ ਸਾਂਝੇ ਤੌਰ ਤਿੰਨ ਲੱਖ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਰੂਪ ਵਿੱਚ ਦਿੱਤਾ ਜਾਵੇਗਾ।
ਡਾ. ਦਰਸ਼ਨ ਸਿੰਘ ਬਰਾੜ ਯੰਗ ਸਾਇੰਟਿਸਟ ਪੁਰਸਕਾਰ ਡਾ. ਗੁਰਉਪਕਾਰ ਸਿੰਘ, ਸੀਨੀਅਰ ਫਲ ਬਾਇਓਟੈਕਨਾਲੋਜਿਸਟ ਨੂੰ ਖੇਤੀਬਾੜੀ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ 50,000/- ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਰੂਪ ਵਿੱਚ ਪ੍ਰਦਾਨ ਕੀਤਾ ਜਾਵੇਗਾ।
ਇਨ੍ਹਾਂ ਪੁਰਸਕਾਰਾਂ ਤੋਂ ਇਲਾਵਾ, ਫਾਊਂਡੇਸ਼ਨ ਖੇਤੀਬਾੜੀ ਸੰਚਾਰ ਅਤੇ ਸਮਾਜਿਕ ਕਾਰਜਾਂ ਵਿੱਚ ਵਿਲੱਖਣ ਯੋਗਦਾਨ ਨੂੰ ਮਾਨਤਾ ਦਿੰਦੀ ਹੈ। ਇਸ ਸਾਲ, ਡਾ. ਰਣਜੀਤ ਸਿੰਘ ਤਾਂਬੜ, ਸਾਬਕਾ ਵਧੀਕ ਨਿਰਦੇਸ਼ਕ (ਸੰਚਾਰ), ਪੀਏਯੂ, ਲੁਧਿਆਣਾ, ਨੂੰ ਖੇਤੀਬਾੜੀ ਪਸਾਰ ਵਿੱਚ ਉਨ੍ਹਾਂ ਦੀ ਮਿਸਾਲੀ ਸੇਵਾ ਲਈ 50,000/- ਰੁਪਏ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਨੀਤੀ ਆਯੋਗ ਦੇ ਮੈਂਬਰ, ਪ੍ਰੋ. ਰਮੇਸ਼ ਚੰਦ ਦੁਆਰਾ “ਭਾਰਤ ਦੀਆਂ ਖੇਤੀਬਾੜੀ ਨੀਤੀਆਂ ਸਬੰਧੀ ਗੈਸਟ ਲੈਕਚਰ ਦਿੱਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਜੀ.ਐਸ. ਖੁਸ਼ ਅਤੇ ਡਾ. (ਸ਼੍ਰੀਮਤੀ) ਹਰਵੰਤ ਖੁਸ਼ ਕਰਨਗੇ ਅਤੇ ਫਾਊਂਡੇਸ਼ਨ ਦੇ ਹੋਰ ਸਤਿਕਾਰਯੋਗ ਬੋਰਡ ਮੈਂਬਰ ਵੀ ਹਾਜ਼ਰ ਹੋਣਗੇ। ਡਾ. ਐਸ.ਐਸ. ਗੋਸਲ, ਵਾਈਸ-ਚਾਂਸਲਰ, ਪੀਏਯੂ, ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।