
ਲੁਧਿਆਣਾ, 21 ਮਾਰਚ: ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰੋਹਿਤ ਗੁਪਤਾ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਵਿਧਾਨ ਸਭਾ ਚੋਣ ਹਲਕਾ 064 ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦਾ ਐਲਾਨ ਕੀਤਾ ਜਾ ਸਕਦਾ ਹੈ, ਚੋਣਾਂ ਦੇ ਐਲਾਨ ਉਪਰੰਤ ਸ਼ਾਤੀ ਅਤੇ ਪਾਰਦਰਸ਼ੀ ਬਣਾਉਣ ਲਈ ਸਮੁੱਚੇ ਜਿਲ੍ਹੇ ਵਿਚ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਦੇ ਪ੍ਰਚਾਰ ਹਿੱਤ ਕਿਸੇ ਵੀ ਜਾਤ ਜਾਂ ਧਰਮ ਨੂੰ ਅਧਾਰ ਨਾ ਬਣਾਇਆ ਜਾਵੇ ਅਤੇ ਚੋਣ ਪ੍ਰਚਾਰ ਲਈ ਮਸਜਿਦਾਂ, ਚਰਚਾਂ, ਮੰਦਿਰਾਂ, ਗੁਰਦੁਆਰਿਆਂ ਜਾਂ ਹੋਰ ਧਾਰਮਿਕ ਸਥਾਨਾਂ ਦੀ ਵਰਤੋਂ ਨਾ ਕੀਤੀ ਜਾਵੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰੋਹਿਤ ਗੁਪਤਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਹੀ ਤਰਾਂ ਦੀ ਵੋਟਰ ਸੂਚੀ ਵਰਤੀ ਜਾਂਦੀ ਹੈ ਅਤੇ ਇਹ ਵੋਟਰ ਸੂਚੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ। ਵੋਟਰ ਸੂਚੀ ਤਿਆਰ ਕਰਨ ਲਈ ਯੋਗਤਾ ਮਿਤੀ ਚਾਲੂ ਸਾਲ ਦੀ 1 ਜਨਵਰੀ ਰੱਖੀ ਜਾਂਦੀ ਹੈ ਪਰੰਤੂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਹੁਣ ਸਾਲ ਵਿੱਚ 4 ਵਾਰ ਚਾਲੂ ਸਾਲ ਵਿਚ ਬਣਾ ਸਕਣਗੇ। ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕਿਆਂ ਚਾਲੂ ਸਾਲ ਦੀ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਨਵੀ ਵੋਟਾਂ ਤਿਆਰ ਕਰਵਾ ਸਕਦੇ ਹਨ।
ਉਨ੍ਹਾਂ ਆਮ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਕਿ ਜੇਕਰ ਉਹ ਪੈਸਾ ਇੱਧਰ-ਉੱਧਰ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਇਹ ਡਿਮਾਂਡ ਡਰਾਂਫਟਾਂ, ਟਰੈਵਲਰ ਚੈਕਸ ਜਾਂ ਅਜਿਹੇ ਕਿਸੇ ਰੂਪ ਵਿਚ ਲੈ ਕੇ ਜਾਣ। ਨਕਦੀ ਲੈ ਕੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਜਬਤ ਹੋ ਸਕਦੀ ਹੈ। ਨਕਦੀ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ।
ਵੋਟਰਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਪੋਰਟਲ NGRS ਰਾਹੀ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 ‘ਤੇ ਕਾਲ ਕਰਕੇ ਵੀ ਵੋਟਾਂ ਸਬੰਧੀ ਕਿਸੇ ਦੀ ਤਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂ ਸਕਦੀ ਹੈ।