ਉਦਯੋਗ ਅਤੇ ਸੇਵਾਵਾਂ ਵਿਚ ਖੜੋਤ ਦਾ ਸੰਕਟ ਭਾਵੇਂ ਪੂਰੇ ਵਿਸ਼ਵ ਭਰ ਵਿਚ ਮੰਡਰਾ ਰਿਹਾ ਹੈ ਪਰ ਖੇਤੀ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾਂ ਬਣੀਆਂ ਰਹਿੰਦੀਆਂ ਹਨ – ਡਾ. ਸੁਖਪਾਲ ਸਿੰਘ

0 0
Read Time:13 Minute, 13 Second

ਰੌਣੀ, ਪਟਿਆਲਾ (25 ਮਾਰਚ, 2025): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿਚ ਉੱਘੇ ਅਰਥਸ਼ਾਸਤਰੀ ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਪੰਜਾਬ ਸਰਕਾਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਕੀਤੀ। ਡਾ. ਦਵਿੰਦਰ ਸਿੰਘ ਚੀਮਾ, ਮੈਂਬਰ, ਪ੍ਰਬੰਧਕੀ ਬੋਰਡ, ਪੀ.ਏ.ਯੂ. ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਡਾ. ਜਸਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਤੋਂ ਇਲਾਵਾ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਡਾ. ਗੁਰਜੀਤ ਸਿੰਘ ਮਾਗਟ, ਵਧੀਕ ਨਿਰਦੇਸ਼ਕ ਖੋਜ, ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਅਤੇ ਡਾ. ਕੁਲਦੀਪ ਸਿੰਘ, ਸਹਿਯੋਗੀ ਨਿਰਦੇਸ਼ਕ, ਲੋਕ ਸੰਪਰਕ, ਪੀ.ਏ.ਯੂ. ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਥੋਂ ਦੀ ਜਰਖੇਜ਼ ਅਤੇ ਪੱਧਰੀ ਧਰਤੀ, ਅਨੁਕੂਲ ਪੌਣ-ਪਾਣੀ, ਮਿਹਨਤਕਸ਼ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਸਾਡਾ ਦੇਸ਼ ਅੰਨ ਭੰਡਾਰ ਪੱਖੋਂ ਸਵੈ-ਨਿਰਭਰ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਪੰਜਾਬ ਦੀ ਜੀਵਨ ਧਾਰਾ ਹੈ, ਇਥੋਂ ਦਾ ਸਮੁੱਚਾ ਸਭਿਆਚਾਰ ਖੇਤੀ ਨਾਲ ਜੁੜਿਆ ਹੋਇਆ ਹੈ ਪਰ ਦੇਸ਼ ਦੀ ਅਰਥ-ਵਿਵਸਥਾ ਦੇ ਧੁਰੇ ਵੱਜੋਂ ਜਾਣੀ ਜਾਂਦੀ ਕਿਸਾਨੀ ਅੱਜ ਕਈ ਤਰ੍ਹਾਂ ਦੇ ਸਮਾਜਕ ਅਤੇ ਆਰਥਕ ਤਾਣੇ ਪੇਟੇ ਵਿਚ ਉਲਝ ਕੇ ਮਾਨਸਿਕ ਸੰਤਾਪ ਹੰਢਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲਾਭਪਾਤਰੀਆਂ ਅਤੇ ਵਿਗਿਆਨੀਆਂ ਨਾਲ ਤਾਲਮੇਲ ਕਰਕੇ ਕਿਸਾਨ ਪੱਖੀ ਨੀਤੀ ਤਿਆਰ ਕੀਤੀ ਗਈ ਹੈ, ਜਿਸ ਦੇ ਲਾਗੂ ਹੋ ਜਾਣ ਨਾਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਮੁਚੇ ਤੌਰ ਤੇ ਵਿਕਾਸ ਸੰਭਵ ਹੋ ਸਕੇਗਾ। ਖੇਤੀ, ਉਦਯੋਗ ਅਤੇ ਸੇਵਾਵਾਂ ਨੂੰ ਕਿਸੇ ਵੀ ਦੇਸ਼ ਦੇ ਵਿਕਾਸ ਦੇ ਤਿੰਨ ਵੱਡੇ ਅੰਗ ਦਸਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਉਦਯੋਗ ਅਤੇ ਸੇਵਾਵਾਂ ਵਿਚ ਖੜੋਤ ਦਾ ਸੰਕਟ ਭਾਵੇਂ ਪੂਰੇ ਵਿਸ਼ਵ ਭਰ ਵਿਚ ਮੰਡਰਾ ਰਿਹਾ ਹੈ ਪਰ ਖੇਤੀ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾਂ ਬਣੀਆਂ ਰਹਿੰਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਅੱਜ ਵੱਡੇ ਕਾਰਪੋਰੇਟ ਘਰਾਣੇ ਖੇਤੀ ਵਾਲੀ ਜ਼ਮੀਨ ਨੂੰ ਆਪਣੇ ਅਧੀਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਖੇਤਾਂ ਦੇ ਆਕਾਰ ਬਹੁਤ ਛੋਟੇ ਹਨ ਪਰ ਸਹਿਕਾਰੀ ਸਭਾਵਾਂ ਬਣਾ ਕੇ ਜੇਕਰ ਅਸੀ ਖੇਤੀ ਕਰਦੇ ਹਾਂ ਤਾਂ ਸਾਨੂੰ ਵਧੇਰੇ ਲਾਭ ਹਾਸਿਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਦੇ 12581 ਪਿੰਡਾਂ ਵਿਚ ਸਿਰਫ਼ 3523 ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਨੂੰ ਵਧਾਉਣ ਦੀ ਲੋੜ ਹੈ। ਖੇਤੀ ਆਮਦਨ ਨੂੰ ਵਧਾਉਣ ਲਈ ਸਵੈ-ਮੰਡੀਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਖੇਤੀ ਲਾਗਤਾਂ ਨੂੰ ਘਟਾਉਣ ਲਈ ਕਿਹਾ। ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਰਵਾਇਤੀ ਫਸਲੀ ਚੱਕਰ ਤੋਂ ਹੱਟ ਕੇ ਖੇਤੀ ਵੰਨ-ਸੁਵੰਨਤਾ ਨੂੰ ਅਪਣਾਉਣ ਦੀ ਤਾਕੀਦ ਕੀਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਦੇ ਭਰਵੇਂ ਇਕੱਠ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਐਨੀ ਵੱਡੀ ਗਿਣਤੀ ਕਿਸਾਨਾਂ ਦੇ ਪੀ.ਏ.ਯੂ. ਪ੍ਰਤੀ ਅਥਾਹ ਵਿਸ਼ਵਾਸ਼ ਦਾ ਪ੍ਰਤੱਖ ਪ੍ਰਮਾਣ ਹੈ। ਕਿਸਾਨ ਮੇਲੇ ਦੇ ਉਦੇਸ਼ ‘ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ, ਝਾੜ ਵਧਾਓ’ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਮਦਨ ਵਿਚ ਵਾਧਾ ਕਰਨ ਲਈ ਸਾਨੂੰ ਬੇਲੋੜੀਆ ਖੇਤੀ ਲਾਗਤਾਂ ਨੂੰ ਘਟਾਉਣ ਅਤੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਜਾਦੀਆਂ ਨਵੀਆਂ ਖੇਤੀ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਲੀਹਾਂ ਤੇ ਖੇਤੀ ਕਰਕੇ ਅਤੇ ਫ਼ਸਲਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸ਼ਤ ਕਰਕੇ ਹੀ ਅਸੀ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਦੇ ਹਾਂ। ਡਾ. ਗੋਸਲ ਨੇ ਝੋਨੇ ਨੂੰ 15 ਜੁਲਾਈ ਤੋਂ ਬਾਅਦ ਨਾ ਲਾਉਣ, ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨ, ਨੈਨੋ ਯੂਰੀਆ ਅਤੇ ਡੀ-ਕੰਪੋਜ਼ਰ ਦੀ ਵਰਤੋਂ ਨਾ ਕਰਨ ਅਤੇ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬੀਜਾਈ ਕਰਨ ਲਈ ਕਿਹਾ। ਡਾ. ਗੋਸਲ ਨੇ ਘਰੇਲੂ ਲੋੜਾਂ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਸਬਜ਼ੀਆਂ, ਸਾਉਣੀ ਦੇ ਚਾਰਿਆਂ ਦੇ ਬੀਜਾਂ, ਤੇਲ ਬੀਜਾਂ ਅਤੇ ਮੋਟੇ ਅਨਾਜਾਂ ਦੀਆਂ ਕਿੱਟਾਂ ਖਰੀਦਣ ਲਈ ਕਿਹਾ। ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਰਸਾਇਣਕ ਖਾਦਾਂ ਦੀ ਥਾਂ ਜੈਵਿਕ ਖਾਦਾਂ ਪਾਉਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਨੇ ਖੇਤੀ ਰਹਿੰਦ-ਖੂਹੰਦ ਦੀ ਉਚਿਤ ਸੰਭਾਲ ਕਰਨ ਲਈ ਕਿਹਾ। ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਨਵੀਂ ਤਕਨੀਕ ਦਾ ਹਵਾਲਾ ਦਿੱਤਾ ਜਿਸ ਦੇ ਤਹਿਤ ਕੰਬਾਈਨ ਦੇ ਅੱਗੇ ਡਰਿੱਲ ਅਤੇ ਪਿੱਛੇ ਐਸ.ਐਮ.ਐਸ. ਲਗਾਇਆ ਗਿਆ ਹੈ ਜਿਸ ਨਾਲ ਝੋਨੇ ਦੀ ਪਰਾਲੀ ਦਾ ਕੁੱਤਰਾ ਕਰਕੇ ਕਣਕ ਦੀ ਨਾਲੋਂ-ਨਾਲ ਬੀਜਾਈ ਕਰਨ ਵਿਚ ਮਦਦ ਮਿਲਦੀ ਹੈ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਪੁਸਤਕਾਂ ਪੜ੍ਹਨ ਅਤੇ ਖਰੀਦਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ ਤੇ ਚਲਾਏ ਜਾਂਦੇ ਹਫ਼ਤਾਵਰ ਫੇਸਬੁੱਕ ਲਾਈਵ ਪ੍ਰੋਗਰਾਮ, ਯੂ-ਟਿਊਬ ਚੈਨਲਾਂ ਅਤੇ ਖੇਤੀ ਸੰਦੇਸ਼ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਗਰੀਕਲਚਰ ਦੀ ਥਾਂ ਬਾਹਰਲੇ ਦੇਸ਼ਾਂ ਦੀ ਤਰਜ਼ ਤੇ ਪੀ.ਏ.ਯੂ. ਦੇ ਹੁਨਰ ਵਿਕਾਸ ਕੇਂਦਰ ਤੋਂ ਸਿਖਲਾਈਆਂ ਹਾਸਿਲ ਕਰਕੇ ਜਿਣਸਾਂ ਦੇ ਮੁੱਲ ਵਾਧੇ ਰਾਹੀਂ ਐਗਰੀ ਬਿਜ਼ਨਸ ਕਰਨ ਦੀ ਸਲਾਹ ਦਿੱਤੀ।

ਕਿਸਾਨ ਮੇਲੇ ਨੂੰ ਤਕਨਾਲੋਜੀ ਅਤੇ ਗਿਆਨ ਵਿਗਿਆਨ ਦਾ ਮੇਲਾ ਦੱਸਦਿਆਂ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਹੁਣ ਤੱਕ ਵੱਖ-ਵੱਖ ਫਸਲਾਂ ਦੀਆਂ 971 ਕਿਸਮਾਂ ਸਿਫ਼ਾਰਸ਼ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਇਕ ਚੋਥਾਈ ਤੋਂ ਵੱਧ ਕਿਸਮਾਂ ਦੀ ਪਹਿਚਾਣ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਹੋ ਚੁੱਕੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਕਿਸਮ ਪੀ.ਆਰ. 132, ਮੱਕੀ ਦੀ ਨਵੀਂ ਕਿਸਮ ਪੀ.ਐਮ.ਐਚ. 17, ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1, ਆਲੂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104, ਗੋਭੀ 2517, ਪੁਦੀਨਾਂ ਸਿਮ ਉਨੱਤੀ ਅਤੇ ਸੰਤਰੀ ਗਾਜਰ ਪੀ.ਸੀ.ਓ. 4 ਦੀ ਨਵੀਂ ਕਿਸਮ ਤੋਂ ਇਲਾਵਾ ਫਰਾਂਸਬੀਨ ਦੀਆਂ ਨਵੀਆਂ ਕਿਸਮਾਂ ਫਰਾਂਸਬੀਨ-1 ਅਤੇ ਫਰਾਂਸਬੀਨ-2 ਅਤੇ ਰਸਭਰੀ ਦੀਆਂ ਨਵੀਆਂ ਕਿਸਮਾਂ ਪੰਜਾਬ ਰਸਭਰੀ-1 ਅਤੇ ਪੰਜਾਬ ਰਸਭਰੀ-2, ਗਰੇਪ ਫਰੂਟ ਅਤੇ ਗੁਲਦਾਉਦੀ ਦੀਆਂ ਸੁਧਰੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉੱਘੇ ਸਬਜ਼ੀ ਵਿਗਿਆਨੀ ਡਾ. ਦਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ਵਿਚ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਾਨੂੰ ਪੀ.ਏ.ਯੂ. ਨਾਲ ਕਦਮ ਮਿਲਾ ਕੇ ਤੁਰਨਾ ਪਵੇਗਾ। ਧਰਤੀ ਹੇਠਲੇ ਪਾਣੀ ਦੀ ਨਿਰੰਤਰ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਬਜਾਇ ਵੱਧ ਤੋਂ ਵੱਧ ਰਕਬਾ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਤੁਪਕਾ ਸਿੰਚਾਈ ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਅਸੀ ਜਲ ਸੋਮਿਆਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਚਾਅ ਸਕਾਂਗੇ।

ਕਿਸਾਨ ਮੇਲੇ ਵਿਚ ਸ਼ਿਰਕੱਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ਜੀ-ਆਇਆ ਕਹਿੰਦੀਆਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਸਾਲ 1967 ਤੋਂ ਯੂਨੀਵਰਸਿਟੀ ਵੱਲੋਂ ਲਗਾਤਾਰ ਲਗਾਏ ਜਾ ਰਹੇ ਹਾੜ੍ਹੀ ਅਤੇ ਸਾਉਣੀ ਦੇ ਕਿਸਾਨ ਮੇਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਖੇਤੀ ਸੰਬਧੀ ਅਤਿ ਆਧੁਨਿਕ ਜਾਣਕਾਰੀ ਹਾਸਿਲ ਕਰਨ ਅਤੇ ਖੇਤੀ ਵਿਗਿਆਨੀਆਂ ਨਾਲ ਰਾਬਤਾ ਕਾਇਮ ਕਰਕੇ ਆਪਣੀਆਂ ਖੇਤੀ ਸਮੱਸਿਆਵਾਂ ਦਾ ਹੱਲ ਕਰਨ ਲਈ ਇਹ ਕਿਸਾਨ ਮੇਲੇ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਤੋਂ ਫੀਡਬੈਕ ਲਿਆ ਜਾਂਦਾ ਹੈ, ਜਿਸ ਦੇ ਮੁਤਾਬਕ ਯੂਨੀਵਰਸਿਟੀ ਦੀ ਖੋਜ ਨੂੰ ਨਵੇਂ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਖੇਤੀ ਸਬੰਧੀ ਵਿਗਿਆਨਕ ਜਾਣਕਾਰੀ ਵਿਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਖੇਤੀ ਦੇ ਨਾਲ-ਨਾਲ ਸਾਨੂੰ ਰੋਜ਼ਾਨਾਂ ਆਮਦਨ ਹਾਸਿਲ ਕਰਨ ਲਈ ਸਹਾਇਕ ਧੰਦੇ ਅਪਣਾਉਣੇ ਪੈਣਗੇ ਅਤੇ ਇਸ ਸਬੰਧ ਵਿਚ ਉਨ੍ਹਾਂ ਨੇ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਲਗਾਈਆਂ ਜਾਦੀਆਂ ਮੁਫ਼ਤ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ।

ਕਿਸਾਨ ਮੇਲੇ ਦੌਰਾਨ ਜਿਨ੍ਹਾਂ ਸਫ਼ਲ ਉੱਦਮੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚੋਂ ਮਧੂ-ਮੱਖੀ ਪਾਲਣ ਅਤੇ ਸ਼ਹਿਦ ਦੀ ਪ੍ਰੋਸੈਸਿੰਗ ਵਿਚ ਲਖਵਿੰਦਰ ਸਿੰਘ ਪਿੰਡ ਬੋਲੜ੍ਹ ਕਲਾਂ, ਸਿਲਾਈ ਅਤੇ ਫੁਲਕਾਰੀ ਕਢਾਈ ਵਿਚ ਚਰਨਜੀਤ ਕੌਰ ਪਿੰਡ ਕਪੂਰੀ, ਸਾਬਣ ਅਤੇ ਸਰਫ਼ ਕਿੱਤੇ ਵਿਚ ਕੁਲਵਿੰਦਰ ਕੌਰ ਪਿੰਡ ਮਸਿੰਗਣ, ਸਟ੍ਰਾਬੇਰੀ ਕਾਸ਼ਤ ਅਤੇ ਪ੍ਰੋਸੈਸਿੰਗ ਵਿਚ ਨਵਜੋਤ ਸ਼ੇਰਗਿੱਲ ਪਿੰਡ ਮੰਜਾਲ ਖੁਰਦ, ਬਾਗਬਾਨੀ ਵਿਚ ਰੁਪਿੰਦਰ ਕੌਰ ਬਰਾੜ ਪਿੰਡ ਵਜੀਦਪੁਰ, ਖੇਤੀ, ਫਲ ਅਤੇ ਸਬਜ਼ੀਆਂ ਦੀ ਪ੍ਰਸੈਸਿੰਗ ਵਿਚ ਅਮਨਦੀਪ ਅਤੇ ਸਿਮਰਨ ਪਿੰਡ ਸਹਿਜਪੁਰ, ਸਬਜ਼ੀਆਂ ਦੀ ਪਨੀਰੀ ਦੀ ਕਾਸ਼ਤ ਵਿਚ ਰਛਪਾਲ ਸਿੰਘ ਪਿੰਡ ਮੰਡੋਰ, ਪਰਾਲੀ ਦੀ ਸਾਂਭ-ਸੰਭਾਲ ਵਿਚ ਰਣਜੀਤ ਸਿੰਘ ਪਿੰਡ ਦੌਣਕਲਾਂ ਅਤੇ ਜਗੀਰ ਸਿੰਘ ਪਿੰਡ ਮੀਰਾਂਪੁਰ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ।

ਮੰਚ ਸੰਚਾਲਣ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਰ ਖੇਤੀ ਰਸਾਲੇ ਚੰਗੀ ਖੇਤੀ ਅਤੇ ਪ੍ਰੋਗ੍ਰੈਸਿਵ ਫਾਰਮਿੰਗ ਦੇ ਵੱਧ ਤੋਂ ਵੱਧ ਮੈਂਬਰ ਬਣਨ ਲਈ ਕਿਹਾ। ਯੂਨੀਵਰਸਿਟੀ ਦੇ ਹਫ਼ਤਾਵਰ ਡਿਜੀਟਲ ਅਖਬਾਰ ਖੇਤੀ ਸੰਦੇਸ਼ ਦੇ ਨਾਲ ਜੁੜਨ ਲਈ ਫੋਨ ਨੰਬਰ 82880-57707 ਤੇ ਮਿਸਡ ਕਾੱਲ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਅਤਿ-ਆਧੁਨਿਕ ਖੋਜ ਮੋਬਾਈਲ ਫੋਨ ਤੇ ਹਾਸਿਲ ਕੀਤੀ ਜਾ ਸਕਦੀ ਹੈ।

ਧੰਨਵਾਦ ਦੇ ਸ਼ਬਦ ਕਹਿੰਦਿਆਂ ਡਾ. ਹਰਦੀਪ ਸਿੰਘ ਸਭੀਖੀ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਕਿਸਾਨ ਮੇਲੇ ਦੌਰਾਨ ਸਨਮਾਨਿਤ ਕੀਤੇ ਗਏ ਸਫ਼ਲ ਉੱਦਮੀ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਣਕ ਦੀ ਬੰਪਰ ਫ਼ਸਲ ਹੋਣ ਦੀ ਕਾਮਨਾ ਕੀਤੀ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post Vet Varsity Unveils State-of-the-Art Incubation Space for Livestock Innovation
Next post ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਨੌਜਵਾਨ ਕਿਸਾਨਾਂ ਲਈ “ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ” ਕਰਵਾਇਆ ਗਿਆ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

Social profiles