
ਲੁਧਿਆਣਾ: ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਨੌਜਵਾਨ ਕਿਸਾਨਾਂ ਲਈ “ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ” ਕਰਵਾਇਆ ਗਿਆ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ ਲਗਭਗ 24 ਸਿਖਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ ਜਨਵਰੀ 01, 2025 ਨੂੰ ਸ਼ੁਰੂ ਹੋਇਆ ਜੋ ਕਿ ਮਿਤੀ ਮਾਰਚ 28, 2025 ਤੱਕ ਲਗਾਇਆ ਗਿਆ। ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਖਿਆਰਥੀ ਆਪਣੇ ਕਿੱਤੇ ਵਿੱਚ ਨਵਾਂਪਣ ਲਿਆ ਕੇ ਖੇਤੀਬਾੜੀ ਨੂੰ ਉਚਾਈਆਂ ਤੇ ਪਹੁੰਚਾਉਣ ਅਤੇ ਆਮਦਨੀ ਵਿੱਚ ਖੇਤੀਬਾੜੀ ਨੂੰ ਵਧਾਉਣ ਲਈ ਸਹਾਇਕ ਧੰਦੇ ਅਪਨਾਉਣ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਿਖਿਆਰਥੀਆਂ ਦੇ ਰੂਬਰੂ ਹੋਏ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਯੂਨੀਵਰਸਿਟੀ ਦੇ ਨਾਲ ਜੁੜ ਕੇ ਖੇਤੀ ਕਰਨ ਅਤੇ ਨਵੀਆਂ ਤਕਨੀਕਾਂ ਅਪਨਾਉਣ । ਉਹਨਾਂ ਦੱਸਿਆ ਕਿ ਸਫ਼ਲ ਕਿਸਾਨਾਂ ਦੇ ਤਜੁਰਬਿਆਂ ਨੂੰ ਆਪਣੇ ਕਿੱਤੇ ਵਿੱਚ ਅਪਣਾ ਕੇ ਸਿਖਿਆਰਥੀ ਸਫ਼ਲਤਾ ਨੂੰ ਛੂਹ ਸਕਦੇ ਹਨ।
ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕੋਰਸ ਸਮਾਪਤੀ ਦੀ ਅੰਤਿਮ ਰਿਪੋਰਟ ਵੀ ਸਾਰਿਆਂ ਨਾਲ ਸਾਂਝੀ ਕੀਤੀ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਤਿਮਾਹੀ ਸਿਖਲਾਈ ਕੋਰਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਸ਼ਾ ਮਾਹਿਰਾਂ ਨੇ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਡਾ. ਲਵਲੀਸ਼ ਗਰਗ ਨੇ ਕਿਸਾਨ ਵੀਰਾਂ ਨੂੰ ਖੇਤੀ ਉਤਪਾਦਾਂ ਦੇ ਮੰਡੀਕਰਨ ਕਰਨ ਦੇ ਤਰੀਕਿਆਂ ਨੂੰ ਕਿੱਤੇ ਵਿੱਚ ਅਪਨਾਉਣ ਉੱਤੇ ਜੋਰ ਦਿੱਤਾ।
ਅੰਤ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।