
ਜੰਡਿਆਲਾ ਗੁਰੂ, 30 ਮਾਰਚ: ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਮੰਡੀ ਵਿੱਚ ਆੜਤੀਆ ਐਸੋਸੀਏਸ਼ਨ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਇਸ ਵਾਰ ਵੀ ਕਿਸਾਨਾਂ ਅਤੇ ਆੜਤੀਆਂ ਨੂੰ ਕਣਕ ਦੀ ਖਰੀਦ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਦੇ ਸਮੁੱਚੇ ਪ੍ਰਬੰਧ ਕਰ ਲਏ ਹਨ ਅਤੇ ਇਸ ਲਈ ਮੰਡੀਆਂ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਕਿਹਾ ਕਿ ਮਾਝੇ ਇਲਾਕੇ ਵਿੱਚ ਕਣਕ ਦੀ ਖਰੀਦ ਥੋੜੀ ਦੇਰੀ ਨਾਲ ਆਉਂਦੀ ਹੈ ਜਦਕਿ ਮਾਲਵੇ ਵਿੱਚ ਕਣਕ ਦੀ ਖਰੀਦ ਆਉਂਦੇ ਹਫਤੇ ਵਿੱਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਸਾਡੇ ਕਿਸਾਨ ਵੱਲੋਂ ਬੜੀ ਮਿਹਨਤ ਨਾਲ ਪਾਲੀ ਗਈ ਫਸਲ ਦਾ ਸਹੀ ਮੰਡੀਕਰਨ ਹੋਵੇ, ਇਸ ਲਈ ਸਾਡੀਆਂ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀ ਪੂਰੀ ਤਿਆਰੀ ਵਿੱਚ ਹਨ।
ਉਹਨਾਂ ਇਸ ਮੌਕੇ ਆੜਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਚੋਣ ਸਰਬ ਸੰਮਤੀ ਨਾਲ ਪੂਰੀ ਕਰਵਾਈ, ਜਿਸ ਵਿੱਚ ਸ੍ਰੀ ਸੁਨੀਲ ਪਾਸੀ ਬੱਬਾ ਨੂੰ ਪ੍ਰਧਾਨ ਚੁਣ ਲਿਆ ਗਿਆ। ਵੱਡੀ ਗੱਲ ਇਹ ਰਹੀ ਕਿ ਉਹਨਾਂ ਦੇ ਪ੍ਰਧਾਨ ਲਈ ਨਾਂ ਦੀ ਪੇਸ਼ਕਸ਼ ਮੌਜੂਦਾ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕੀਤੀ, ਜਿਸ ਨੂੰ ਸਾਰਿਆਂ ਨੇ ਸਹਿਮਤੀ ਦੇ ਨਾਲ ਜੈਕਾਰੇ ਲਗਾਉਂਦੇ ਹੋਏ ਪ੍ਰਵਾਨ ਕੀਤਾ। ਕੈਬਨਿਟ ਮੰਤਰੀ ਨੇ ਨਵੇਂ ਚੁਣੇ ਗਏ ਪ੍ਰਧਾਨ ਨੂੰ ਸਰੋਪਾ ਦੇ ਕੇ ਆਸ਼ੀਰਵਾਦ ਦਿੱਤਾ ਅਤੇ ਹਰ ਤਰ੍ਹਾਂ ਨਾਲ ਮਦਦ ਦੇਣ ਦਾ ਭਰੋਸਾ ਵੀ ਦਿੱਤਾ । ਉਹਨਾਂ ਨੇ ਮੌਜੂਦਾ ਪ੍ਰਧਾਨ ਸ ਸੁਰਜੀਤ ਸਿੰਘ ਕੰਗ ਦੀ ਵੀ ਪਿੱਠ ਥਾਪੜੀ, ਜਿਨਾਂ ਨੇ ਚੋਣ ਨੂੰ ਸਰਬ ਸੰਮਤੀ ਨਾਲ ਨੇਪਰੇ ਚਾੜਿਆ।