
ਤਲਵੰਡੀ ਨਾਹਰ ਵਿਖੇ ਸੀਵਰੇਜ ਤੇ ਫਿਰਨੀ ਦਾ ਕੀਤਾ ਉਦਘਾਟਨ
ਅਜਨਾਲਾ 30 ਮਾਰਚ: ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡ ਤਲਵੰਡੀ ਨਾਹਰ ਵਿਖੇ ਸੀਵਰੇਜ ਅਤੇ ਫਿਰਨੀ ਦਾ ਉਦਘਾਟਨ ਕਰਦੇ ਹੋਏ ਪਿੰਡ ਵਿੱਚ ਸਟੇਡੀਅਮ ਬਣਾਉਣ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਦੱਸਣ ਯੋਗ ਹੈ ਕਿ ਤਲਵੰਡੀ ਨਾਹਰ ਵਿਖੇ ਫਿਰਨੀ ਬਨਾਉਣ ਲਈ 10 ਲੱਖ ਅਤੇ ਸੀਵਰੇਜ ਲਈ 20 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ
ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਇਸ ਸਾਲ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਰਹੇਗਾ ਅਤੇ ਹਰੇਕ ਪਿੰਡ ਦੇ ਛੱਪੜ ਨੂੰ ਨਵਿਆਇਆ ਜਾਵੇਗਾ, ਉਸ ਨੂੰ ਥਾਪਰ ਮਾਡਲ ਨਾਲ ਵਿਕਸਿਤ ਕਰਕੇ ਪਾਣੀ ਨੂੰ ਵਰਤੋਂ ਯੋਗ ਲਿਆਂਦਾ ਜਾਵੇਗਾ ਅਤੇ ਪਿੰਡਾਂ ਵਿੱਚ ਬੱਚਿਆਂ ਦੇ ਖੇਡਣ ਲਈ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਰੰਗਲਾ ਪੰਜਾਬ ਬਣਾਉਣ ਦਾ ਜੋ ਵਾਅਦਾ ਕੀਤਾ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਅਪ੍ਰੈਲ ਤੋਂ ਇਸ ਟੀਚੇ ਲਈ ਪਿੰਡਾਂ ਵਿੱਚ ਕੰਮ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਮੌਕੇ ਉਹਨੇ ਨਾਲ ਸਰਪੰਚ ਸ੍ਰੀਮਤੀ ਮੋਨੀਕਾ ਸਰੀਨ, ਬੀਡੀਪੀਓ ਜਸਬੀਰ ਕੌਰ, ਜੇਈ ਰਾਏਦੀਪ ਅਤੇ ਹੋਰ ਪਿੰਡ ਦੇ ਮੋਤਬਰ ਹਾਜ਼ਰ ਸਨ।